Fire destroys wheat crop: ਪੰਜਾਬ ਦੇ ਵਿੱਚ ਇੰਨੀਂ ਦਿਨੀਂ ਕਣਕ ਦੀ ਵਾਢੀ ਅਤੇ ਮੰਡੀਆਂ ਦੇ ਵਿੱਚ ਭੇਜਣ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਅਤੇ ਕਈ ਥਾਵਾਂ ਉੱਤੇ ਅਜੇ ਪੱਕੀ ਹੋਈ ਕਣਕ ਖੇਤਾਂ ਦੇ ਵਿੱਚ ਹੀ ਖੜ੍ਹੀ ਹੈ। ਪਰ ਅੱਜ ਬਹੁਤ ਹੀ ਦੁਖਦਾਇਕ ਖਬਰ ਸਮਰਾਲਾ ਤੋਂ ਆਈ ਹੈ ਜਿੱਥੇ ਕਿਸਾਨ ਦੀ ਪੁੱਤਾਂ ਵਰਗੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹਾਸਿਲ ਹੋਇਆ ਹੈ। ਖੇਤਾਂ ਦੇ ਵਿੱਚ ਮਚੇ ਅੱਗ ਦੇ ਭਾਬੜਾਂ ਨੇ ਸਭ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਫਾਇਰ ਦੀ ਗੱਡੀਆਂ ਨੇ ਸਮੇਂ ਸਿਰ ਆ ਕੇ ਹੋਰ ਖੇਤਾਂ ਤੱਕ ਅੱਗ ਨੂੰ ਪਹੁੰਚਣ ਤੋਂ ਰੋਕ ਲਿਆ।



ਵੀਰਵਾਰ ਨੂੰ ਸਵੇਰੇ 12 ਵਜੇ ਦੇ ਕਰੀਬ ਸਮਰਾਲਾ ਦੇ ਮੇਨ ਹਾਈਵੇ ਨੇੜਲੇ ਕਈ ਖੇਤਾਂ ’ਚ ਅਚਾਨਕ ਅੱਗ ਦੇ ਭਾਬੜ ਮੱਚ ਪਏ ਅਤੇ ਵੇਖਦੇ ਹੀ ਵੇਖਦੇ ਕਿਸਾਨਾਂ ਦੀ ਪੱਕ ਕੇ ਤਿਆਰ ਖੜੀ ਸੋਨੇ ਵਰਗੀ ਕਣਕ ਦੀ ਫਸਲ ਸਮੇਤ ਕਈ ਏਕੜ ਫ਼ਸਲ ਦੀ ਨਾੜ ਸੜ ਕੇ ਸਵਾਹ ਹੋ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਇਨ੍ਹਾਂ ਖੇਤਾਂ ਦੇ ਮਾਲਕ ਕਿਸਾਨ ਅਤੇ ਆਸ ਪਾਸ ਦੇ ਪਿੰਡਾਂ ਰੋਹਲੇ, ਭਰਥਲਾ ਅਤੇ ਚਹਿਲਾਂ ਦੇ ਲੋਕਾਂ ਨੇ ਆਕੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ। ਕੁੱਝ ਦੇਰ ਵਿਚ ਹੀ ਫਾਇਰ ਸਟੇਸ਼ਨ ਸਮਰਾਲਾ ਤੋਂ ਵੀ ਅੱਗ ਬੁਝਾਊ ਗੱਡੀ ਮੌਕੇ ’ਤੇ ਪਹੁੰਚ ਗਈ ਸੀ।


ਅੱਗ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਹੋਣ ਵਾਲੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ, ਉਸ ਦੇ ਕਰੀਬ ਢਾਈ ਏਕੜ ਖੇਤ ਵਿਚ ਖੜ੍ਹੀ ਕਣਕ ਦੀ ਫ਼ਸਲ ਜੋ ਪੱਕ ਕੇ ਬਿਲਕੁਲ ਤਿਆਰ ਸੀ, ਉਹ ਸੜ ਗਈ ਹੈ ਅਤੇ ਨਾਲ ਹੀ 7-8 ਏਕੜ ਖੇਤ ’ਚ ਖੜੀ ਨਾੜ ਵੀ ਸੜ ਕੇ ਸੁਆਹ ਹੋ ਗਈ। ਜਿਸ ਨਾਲ ਉਸ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਭਾਵੇ ਉਸ ਨੇ ਅੱਗ ਲੱਗਣ ਦਾ ਕੋਈ ਠੋਸ ਕਾਰਨ ਤਾਂ ਨਹੀਂ ਦੱਸਿਆ, ਪਰ ਸ਼ੱਕ ਪ੍ਰਗਟਾਇਆ ਕਿ ਉਸ ਦੇ ਖੇਤ ਨਾਲ ਲੱਗਦੀ ਧਾਗਾਂ ਫੈਕਟਰੀ ਵਿਚੋਂ ਹੀ ਅੱਗ ਦੀ ਚਿੰਗਾਰੀ ਉਸ ਦੇ ਖੇਤ ਵਿਚ ਆਈ ਹੈ, ਜਿਸ ਕਾਰਨ ਇਹ ਨੁਕਸਾਨ ਹੋਇਆ ਹੈ। ਇੱਕ ਹੋਰ ਕਿਸਾਨ ਜਗਜੀਤ ਸਿੰਘ ਨੇ ਵੀ ਅੱਗ ਨਾਲ ਕਰੀਬ 20 ਏਕੜ ਖੇਤਾਂ ’ਚ ਖੜ੍ਹੀ ਫ਼ਸਲ ਦੀ ਨਾੜ ਅਤੇ ਤਿੰਨ ਏਕੜ ਕਣਕ ਸੜ੍ਹ ਜਾਣ ਦੀ ਜਾਣਕਾਰੀ ਦਿੰਦੇ ਹੋਏ ਦੋਸ਼ ਲਗਾਇਆ ਕਿ, ਉਨ੍ਹਾਂ ਦੇ ਖੇਤਾਂ ਵਿਚ ਨਾਲ ਲੱਗਦੀ ਧਾਗਾਂ ਫੈਕਟਰੀ ਕਾਰਨ ਇਹ ਅੱਗ ਲੱਗੀ ਹੈ ਅਤੇ ਸਭ ਤੋਂ ਪਹਿਲਾਂ ਧਾਗਾਂ ਫੈਕਟਰੀ ਦੇ ਮੁਲਾਜ਼ਮ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚੇ ਸਨ।


ਫਾਇਰ ਬ੍ਰਿਗੇਡ ਮੁਲਾਜ਼ਮ ਰਵਿੰਦਰ ਕੁਮਾਰ ਨੇ ਦੱਸਿਆ ਕਿ, ਉਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ’ਤੇ ਕਾਫੀ ਮੁਸ਼ਕਤ ਕਰਨੀ ਪਈ ਅਤੇ ਕਰੀਬ ਦੋ ਘੰਟੇ ਬਾਅਦ ਹੀ ਅੱਗ ’ਤੇ ਕਾਬੂ ਪਾਇਆ ਜਾ ਸਕਿਆ।



ਅੱਗ ਦੇ ਭਾਬੜਾਂ ਕਾਰਨ ਸਕੂਲ ਨੂੰ ਕਰਨੀ ਪਈ ਛੁੱਟੀ
ਅੱਗ ਦੀ ਚਪੇਟ ਵਿਚ ਆਏ ਖੇਤਾਂ ਦੇ ਬਿਲਕੁਲ ਨਾਲ ਲੱਗਦੇ ਸੇਂਟੀਨਲ ਇੰਟਰਨੈਸ਼ਨ ਸਕੂਲ ਤੱਕ ਅੱਗ ਦਾ ਧੂੰਆਂ ਪਹੁੰਚਣ ਤੋਂ ਬਾਅਦ ਕਿਸੇ ਵੀ ਅਣਸੁਖਾਵੀ ਘਟਨਾਂ ਦੇ ਡਰੋਂ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ। ਸਾਰੇ ਬੱਚਿਆਂ ਨੂੰ ਕੁਝ ਮਿੰਟਾਂ ਵਿਚ ਹੀ ਸਕੂਲ ਬੱਸਾਂ ਰਾਹੀ ਸੁਰੱਖਿਤ ਘਰ ਪਹੁੰਚਾ ਦਿੱਤਾ ਗਿਆ।