(Source: ECI/ABP News/ABP Majha)
Ludhiana News: ਕੁੱਤੇ ਨੂੰ ਗੋਲੀ ਮਾਰਨ 'ਤੇ ਖੁੱਲ੍ਹਿਆ ਖੂੰਖਾਰ ਹਥਿਆਰੇ ਦਾ ਰਾਜ, ਲੁਧਿਆਣਾ 'ਚ 3 ਕਤਲ ਕਰਨ ਤੋਂ ਪਹਿਲਾਂ ਵੀ ਕਰ ਚੁੱਕਾ ਕਈ ਖਤਰਨਾਕ ਕਾਰੇ
ਮੁਲਜ਼ਮ ਨੇ ਸੇਵਾਮੁਕਤ ਏਐਸਆਈ ਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਚੋਰੀ ਕੀਤੇ ਗਏ ਗੁਰਿੰਦਰ ਦੇ ਪਿਸਤੌਲ ਨਾਲ ਹੀ ਪਿੰਡ ਤਲਵੰਡੀ ’ਚ ਗੋਲੀ ਚਲਾਈ ਸੀ। ਇਸ ਗੋਲੀਕਾਂਡ ’ਚ ਕੁੱਤਾ ਜ਼ਖਮੀ ਹੋ ਗਿਆ ਸੀ।
Ludhiana News: ਲੁਧਿਆਣਾ ਦੇ ਲਾਡੋਵਾਲ ਦੇ ਪਿੰਡ ਨੂਰਪੁਰ ਬੇਟ ਇਲਾਕੇ ’ਚ ਰਹਿਣ ਵਾਲੇ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ, ਉਨ੍ਹਾਂ ਦੀ ਪਤਨੀ ਪਰਮਿੰਦਰ ਕੌਰ ਤੇ ਲੜਕੇ ਗੁਰਿੰਦਰ ਸਿੰਘ ਦਾ ਕਤਲ ਕਰਨ ਵਾਲਾ ਆਖਰਕਾਰ ਲੁਧਿਆਣਾ ਪੁਲਿਸ ਦੇ ਹੱਥ ਆ ਗਿਆ ਹੈ। ਜਲੰਧਰ ਦਿਹਾਤੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਚੋਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਤੇ ਕਪੂਰਥਲਾ ਜੇਲ੍ਹ ਭੇਜੇ ਗਏ ਮੁਲਜ਼ਮ ਪ੍ਰੇਮ ਚੰਦ ਉਰਫ਼ ਮਿਥੁਨ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ।
ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਨੇ ਸੇਵਾਮੁਕਤ ਏਐਸਆਈ ਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਚੋਰੀ ਕੀਤੇ ਗਏ ਗੁਰਿੰਦਰ ਦੇ ਪਿਸਤੌਲ ਨਾਲ ਹੀ ਪਿੰਡ ਤਲਵੰਡੀ ’ਚ ਗੋਲੀ ਚਲਾਈ ਸੀ। ਇਸ ਗੋਲੀਕਾਂਡ ’ਚ ਕੁੱਤਾ ਜ਼ਖਮੀ ਹੋ ਗਿਆ ਸੀ। ਮੁਲਜ਼ਮ ਉਸ ਘਰ ’ਚ ਨਸ਼ਾ ਖਰੀਦਣ ਗਿਆ ਸੀ।
ਪਿੰਡ ਤਲਵੰਡੀ ’ਚ ਹੀ ਲੁਧਿਆਣਾ ਪੁਲਿਸ ਨੂੰ ਚੋਰੀ ਹੋਏ ਬੈਗ ’ਚੋਂ ਮਿਲੀ ਰੇਲਵੇ ਦੀ ਟਿਕਟ ਤੋਂ ਲੀਡ ਮਿਲੀ ਤੇ ਟਿਕਟ ਖਰੀਦਣ ਵਾਲੇ ਕੋਲ ਪੁੱਜ ਕੇ ਪੁਲਿਸ ਨੇ ਮੁਲਜ਼ਮ ਬਾਰੇ ਪਤਾ ਕੀਤਾ। ਉਸ ਤੋਂ ਪਹਿਲਾਂ ਮੁਲਜ਼ਮ ਨੂੰ ਜਲੰਧਰ ਦਿਹਾਤੀ ਪੁਲਿਸ ਕਾਬੂ ਕਰ ਚੁੱਕੀ ਸੀ। ਪੁਲਿਸ ਨੇ ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ। ਮੁਲਜ਼ਮ ਤੋਂ ਫਿਲਹਾਲ ਪੁਲੀਸ ਦੀਆਂ ਵੱਖ-ਵੱਖ ਟੀਮਾਂ ਪੁੱਛ-ਗਿੱਛ ਕਰ ਰਹੀਆਂ ਹਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ। ਨਸ਼ੇ ਦੀ ਹਾਲਤ ’ਚ ਮੁਲਜ਼ਮ ਨੂੰ ਕੋਈ ਸੁਰਤ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ ਹੈ। ਮੁਲਜ਼ਮ ਪਹਿਲਾਂ ਦੀਨਾਨਨਗਰ ’ਚ ਔਰਤ ਦਾ ਕਤਲ ਕਰਕੇ ਫ਼ਰਾਰ ਹੋਇਆ ਤੇ ਬਾਅਦ ’ਚ 2 ਔਰਤਾਂ ’ਤੇ ਕਾਤਲਾਨਾ ਹਮਲਾ ਕੀਤਾ। ਫਿਰ ਮੁਲਜ਼ਮ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ ਦੇ ਘਰ ਵੜਿਆ।
ਇੱਥੇ ਪਹਿਲਾਂ ਰਾਡ ਮਾਰ ਕੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਕੁਲਦੀਪ ਦੀ ਪਤਨੀ ਤੇ ਲੜਕੇ ਨੂੰ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਉਸ ਤੋਂ ਬਾਅਦ ਲੁੱਟ ਕੀਤੀ ’ਤੇ ਫ਼ਰਾਰ ਹੋ ਗਿਆ। ਘਰ ਤੋਂ ਉਹ ਕੁਲਦੀਪ ਸਿੰਘ ਦੇ ਲੜਕੇ ਦੀ ਰਿਵਾਲਵਰ ਵੀ ਚੋਰੀ ਕਰਕੇ ਲੈ ਗਿਆ ਤੇ ਨਾਲ ਹੀ ਗਹਿਣੇ ਤੇ 10 ਹਜ਼ਾਰ ਕੈਸ਼ ਲੁੱਟ ਲੈ ਗਿਆ।
ਕਿਵੇਂ ਆਇਆ ਪੁਲਿਸ ਅੜਿੱਕੇ!
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਤਲਵੰਡੀ ’ਚ ਜਿੱਥੇ ਮੁਲਜ਼ਮ ਨੇ ਕੁੱਤੇ ਨੂੰ ਗੋਲੀ ਮਾਰੀ ਸੀ, ਉਥੋਂ ਇੱਕ ਬੈਗ ਮਿਲਿਆ। ਬੈਗ ’ਚ ਇੱਕ ਬੱਸ ਦੀ ਤੇ 2 ਰੇਲ ਗੱਡੀ ਦੀਆਂ ਟਿਕਟਾਂ ਸਨ। ਰੇਲ ਦੀ ਟਿਕਟ ਤੋਂ ਪਤਾ ਲੱਗਿਆ ਕਿ ਇਹ ਟਿਕਟ ਬਿਹਾਰ ਦੇ ਨਾਲੰਦਾ ਸ਼ਹਿਰ ’ਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਦੀ ਹੈ ਜੋ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨਾਲੰਦਾ ਲਈ ਗਿਆ ਹੈ।
ਬਿਹਾਰ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਪਤਾ ਲੱਗਿਆ ਕਿ ਬੈਗ ਕਿਸ ਵਿਅਕਤੀ ਦਾ ਹੈ। ਪੁਲਿਸ ਨੇ ਉਸ ਵਿਅਕਤੀ ਨੂੰ ਹਿਰਾਸਤ ’ਚ ਲਿਆ, ਜਿਸ ਦਾ ਬੈਗ ਸੀ। ਪੁਲਿਸ ਪੁੱਛਗਿਛ ’ਚ ਪਤਾ ਲੱਗਿਆ ਕਿ ਉਸ ਦਾ ਬੈਗ ਚੋਰੀ ਹੋਇਆ ਸੀ। ਉਕਤ ਵਿਅਕਤੀ ਨੇ ਪੁਲਿਸ ਨੇ ਮੁਲਜ਼ਮ ਦੇ ਹੁਲੀਏ ਬਾਰੇ ਦੱਸਿਆ ਕਿ ਮਿਥੁਨ ਨੇ ਉਸ ਦਾ ਬੈਗ ਚੋਰੀ ਕੀਤਾ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਰਾਹੀਂ ਮੁਲਜ਼ਮ ਮਿਥੁਨ ਦੀ ਫੋਟੋ ਦਿਖਾਈ ਤਾਂ ਉਕਤ ਵਿਅਕਤੀ ਦੀ ਪਛਾਣ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਹਿਰਾਸਤ ’ਚ ਲਏ ਵਿਅਕਤੀ ਨੂੰ ਛੱਡ ਦਿੱਤਾ ਤੇ ਪੁਲੀਸ ਟੀਮ ਵਾਪਸ ਪੰਜਾਬ ਆ ਗਈ।