Ludhiana News: ਲੁਧਿਆਣਾ ਉੱਤਰੀ ਦਾ ਮੁਹੱਲਾ ਕਲੀਨਿਕ ਪੰਜਾਬ ਭਰ ਵਿੱਚੋਂ ਅੱਵਲ ਆਇਆ ਹੈ। ਇੱਥੇ 7263 ਮਰੀਜਾਂ ਦੀ ਓਪੀਡੀ ਹੋਈ ਤੇ 2552 ਮਰੀਜ਼ ਮੁੜ ਕੇ ਆਏ। ਬੇਸ਼ੱਕ ਲੋਕ ਖੁਸ਼ ਹਨ ਪਰ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਹਨ। ਮਰੀਜ਼ਾਂ ਨੇ ਕਿਹਾ ਕੁਝ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਹਨ ਪਰ ਇਲਾਜ ਹੋ ਰਿਹਾ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤਹਿਤ ਆਜ਼ਾਦੀ ਦਿਹਾੜੇ 'ਤੇ 75 ਮੁਹਲਾ ਕਲੀਨਿਕ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਸਨ। ਲੁਧਿਆਣਾ ਵਿੱਚ ਵਿਧਾਨ ਸਭਾ ਹਲਕਾ ਉੱਤਰੀ ਵਿੱਚ ਚਾਂਦ ਸਿਨੇਮਾ ਨੇੜੇ ਬਣਾਏ ਗਏ ਮੁਹੱਲਾ ਕਲੀਨਿਕ ਪੂਰੇ ਪੰਜਾਬ ਭਰ ਵਿੱਚ ਓਪੀਡੀ ਲਈ ਅੱਵਲ ਆਇਆ ਹੈ।
ਇੱਥੇ ਕੁੱਲ 7263 ਮਰੀਜ਼ਾਂ ਦੀ ਓਪੀਡੀ ਹੋਈ ਹੈ। ਜ਼ਿਆਦਤਰ ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਇਸ ਤੋਂ ਇਲਾਵਾ 2552 ਮਰੀਜ਼ ਇਸ ਮੁਹੱਲਾ ਕਲੀਨਿਕ ਵਿੱਚ ਮੁੜ ਕੇ ਆਏ। ਰੋਜ਼ਾਨਾ 30 ਦੇ ਕਰੀਬ ਸੈਂਪਲ ਲਏ ਜਾਂਦੇ ਹਨ। 79 ਦੇ ਕਰੀਬ ਟੈਸਟ ਮੁਫ਼ਤ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 8 ਵਜੇ ਤੋਂ ਲੈ ਕੇ 2 ਵਜੇ ਤੱਕ ਹਫਤੇ ਵਿੱਚ 6 ਦਿਨ ਓਪੀਡੀ ਦੀ ਚੱਲਦੀ ਹੈ। ਰੋਜ਼ਾਨਾ 180 ਤੋਂ ਲੈ ਕੇ 200 ਮਰੀਜ਼ ਰੋਜ਼ਾਨਾ ਆਉਂਦੇ ਹਨ।
ਇੱਕ ਪਾਸੇ ਜਿੱਥੇ ਮੁਹੱਲਾ ਕਲੀਨਿਕ ਆਉਣ ਵਾਲੇ ਮਰੀਜ਼ਾਂ ਨੇ ਸ਼ਲਾਘਾ ਕੀਤੀ ਹੈ। ਦੂਜੇ ਪਾਸੇ ਡਾਕਟਰਾਂ ਨੇ ਵੀ ਕਿਹਾ ਹੈ ਕਿ ਇਸ ਕਲੀਨਿਕ ਵਿੱਚ ਵੱਡੀ ਤਾਦਾਦ ਅੰਦਰ ਮਰੀਜ਼ ਆਉਂਦੇ ਹਨ। ਉੱਥੇ ਹੀ ਦੂਜੇ ਪਾਸੇ ਮੁਹੱਲਾ ਕਲੀਨਿਕ ਨੂੰ ਲੈ ਕੇ ਹਲਕੇ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ ਰੰਗ ਲਿਆਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇਲਾਕਾ ਸਲੱਮ ਹੈ ਜਿਸ ਕਰਕੇ ਇੱਥੇ ਗਰੀਬ ਤਬਕਾ ਵੱਡੀ ਤਦਾਦ ਵਿੱਚ ਰਹਿੰਦਾ ਹੈ। ਇਸ ਕਰਕੇ ਉਹ ਆਪਣਾ ਇਲਾਜ ਕਰਵਾਉਣ ਲਈ ਇੱਥੇ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਜੋ ਕੁਝ ਕਮੀਆਂ ਵੀ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਵਿਧਾਇਕ ਨੇ ਖੁਦ ਵੀ ਆਪਣਾ ਬੀਪੀ ਚੈੱਕ ਕਰਵਾਇਆ। ਜਦਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਵਿਕਾਸ ਤਾਂ ਉਦੋਂ ਹੁੰਦਾ ਹੈ ਜਦੋਂ ਇੱਕ ਚੀਜ਼ ਨੂੰ ਬਿਨਾਂ ਤੋੜੇ ਦੂਜੀ ਚੀਜ਼ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਆਪ ਹੀ ਬਣਾਈ ਜਾਂਦੇ ਹਨ ਤੇ ਆਪ ਹੀ ਕ੍ਰੈਡਿਟ ਲਈ ਜਾਂਦੇ ਹਨ।