Ludhiana News: ਮਰਹੂਮ ਅਦਾਕਾਰ ਦੀਪ ਸਿੱਧੂ ਦੀ ਯਾਦ ‘ਚ ਦੂਜੇ ਸ਼ਹੀਦੀ ਸਮਾਗਮ ਦੌਰਾਨ ਪੰਥਕ ਏਕਤਾ ਦਾ ਹੋਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਖਾਲਿਸਤਾਨੀਆਂ ਦੇ ਕਤਲਾਂ ‘ਤੇ ਚਿੰਤਾ ਜਾਹਿਰ ਕੀਤੀ ਗਈ। ਖਾਲਿਸਤਾਨੀਆਂ ਦੇ ਕਤਲਾਂ ਦਾ ਇਲਜ਼ਾਮ ਭਾਰਤੀ ਏਜੰਸੀਆਂ ਉਪਰ ਲਾਏ ਗਏ। ਬੁਲਾਰਿਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ।


ਜਗਰਾਓਂ ਨੇੜੇ ਦੀਪ ਸਿੱਧੂ ਯਾਦਗਾਰ ਚੌਕੀਮਾਨ ਵਿੱਚ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਯਾਦ ‘ਚ ਦੂਸਰਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਸਮੇਤ ਕਈ ਆਗੂ ਇਸ ਮੌਕੇ ਪੁੱਜੇ। ਸਮਾਗਮ ਦੌਰਾਨ ਪੰਥਕ ਏਕਤਾ ‘ਤੇ ਜ਼ੋਰ ਦਿੱਤਾ ਗਿਆ। ਇਸ ਨੂੰ ਅਜੋਕੇ ਸਮੇਂ ਦੀ ਲੋੜ ਦੱਸਦਿਆਂ ਬੁਲਾਰਿਆਂ ਨੇ ਕਿਹਾ ਕਿ ਸੱਤਾ ਤੇ ਸ਼੍ਰੋਮਣੀ ਕਮੇਟੀ ਦੀ ਸੇਵਾ ਪੰਥਕ ਏਕਤਾ ਨਾਲ ਹੀ ਸੰਭਵ ਹੈ। 


ਇਸ ਦੌਰਾਨ ਕੁਝ ਬੁਲਾਰਿਆਂ ਨੇ ਵੱਖ-ਵੱਖ ਦੇਸ਼ਾਂ ‘ਚ ਖਾਲਿਸਤਾਨ ਹਮਾਇਤੀ ਆਗੂਆਂ ਦੇ ਹੋਏ ਕਤਲਾਂ ‘ਤੇ ਸਵਾਲ ਖੜ੍ਹੇ ਕੀਤੇ। ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕੈਨੇਡਾ ਸਮੇਤ ਹੋਰਨਾਂ ਮੁਲਕਾਂ ‘ਚ ਖਾਲਿਸਤਾਨ ਪੱਖੀ ਸਿੱਖ ਆਗੂਆਂ ਨੂੰ ਮਰਵਾਉਣ ਦਾ ਇਲਜ਼ਾਮ ਭਾਰਤੀ ਏਜੰਸੀਆਂ ‘ਤੇ ਲਾਇਆ। 


ਕਿਸਾਨ ਮੋਰਚੇ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੇਸ਼ੱਕ ਇਹ ਸਿਆਸੀ ਗੱਲ ਨਹੀਂ ਕਰਦਾ ਪਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਐਮਐਸਪੀ ਸਣੇ ਹੋਰ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਪੱਖ ਤੋਂ ਮਦਦ ਕਰੀਏ। ਭਾਈ ਅੰਮ੍ਰਿਤਪਾਲ ਸਿੰਘ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਉਨ੍ਹਾਂ ਪੰਥਕ ਏਕਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਸਮੇਤ ਹੋਰਨਾਂ ਨੂੰ ਵੀ ਮੰਗਾਂ ਮੰਨਵਾਉਣ ਲਈ ਰੇਲਾਂ ਰੋਕਣ ਦੀ ਹੱਲਾਸ਼ੇਰੀ ਦਿੱਤੀ। 


ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਤੇ ਦਬਾਅ ਲਈ ਇਹ ਸੌਖਾ ਤੇ ਸਹੀ ਤਰੀਕਾ ਹੈ। ਸਟੇਜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕਾਉਂਕੇ, ਜਸਵੰਤ ਸਿੰਘ ਖਾਲੜਾ ਸਣੇ ਹੋਰਨਾਂ ਸ਼ਹੀਦਾਂ ਲਈ ਇਨਸਾਫ਼ ਦੀ ਮੰਗ ਵੀ ਉੱਠੀ। ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ, ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਸਮੇਤ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।