Ludhiana News: ਪੰਜਾਬ ਦੀ ਪੁਲਿਸ ਦਾ ਵੈਲਨਟਾਈਨ ਰੰਗ ਵੇਖਣ ਨੂੰ ਮਿਲਿਆ ਜਿਸ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਪ੍ਰਸੰਸਾ ਹੋ ਰਹੀ ਹੈ। ਲੁਧਿਆਣਾ ਪੁਲਿਸ ਵੈਲਨਟਾਈਨ ਡੇਅ ਮੌਕੇ ਵਿਚੋਲਾ ਬਣੀ ਤੇ 20 ਜੋੜਿਆਂ ਦਾ ਮੇਲ ਕਰਵਾ ਦਿੱਤਾ। ਪੁਲਿਸ ਨੇ ਇਨ੍ਹਾਂ ਜੋੜਿਆਂ ਨੂੰ ਮੂਵੀ ਵੀ ਵਿਖਾਈ ਤੇ ਮਠਿਆਈ ਵੀ ਖੁਆਈ।



ਦਰਅਸਲ ਲੁਧਿਆਣਾ ਪੁਲਿਸ ਨੇ ਵੱਖਰੇ ਅੰਦਾਜ਼ ’ਚ ਵੈਲਨਟਾਈਨ ਡੇਅ ਮਨਾਇਆ। ਪੁਲਿਸ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਉਨ੍ਹਾਂ 20 ਜੋੜਿਆਂ ਨੂੰ ਬੁਲਾਇਆ ਗਿਆ। ਪੁਲਿਸ ਨੇ ਤਲਾਕ ਦੀ ਕਗਾਰ ’ਤੇ ਪੁੱਜ ਚੁੱਕੇ ਜੋੜਿਆਂ ਦੇ ਮਾਮਲਿਆਂ ਨੂੰ ਹੱਲ ਕਰਕੇ ਉਨ੍ਹਾਂ ਦਾ ਪਰਿਵਾਰ ਫਿਰ ਤੋਂ ਜੋੜਿਆ। 


 






 


ਪੁਲਿਸ ਵੱਲੋਂ ਫਿਰੋਜ਼ਪੁਰ ਰੋਡ ’ਤੇ ਸਥਿਤ ਪੀਵੀਆਰ ਸਿਨੇਮਾ ’ਚ ਮੂਵੀ ਡੇਟ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਮਠਿਆਈਆਂ ਤੇ ਫੁੱਲ ਦੇ ਕੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਨੂੰ ਕਿਹਾ। ਜਿਨ੍ਹਾਂ 20 ਜੋੜਿਆਂ ਨੂੰ ਪੁਲੀਸ ਵੱਲੋਂ ਸੱਦਿਆ ਗਿਆ ਸੀ, ਇਨ੍ਹਾਂ ਦੀਆਂ ਵਿਮੈਨ ਸੈੱਲ ’ਚ ਸ਼ਿਕਾਇਤਾਂ ਸਨ। 


ਪੁਲਿਸ ਅਧਿਕਾਰੀਆਂ ਨੇ ਪਤੀ ਤੇ ਪਤਨੀਆਂ ਦੀ ਕਾਊਸਲਿੰਗ ਕਰ ਉਨ੍ਹਾਂ ਨੂੰ ਫਿਰ ਤੋਂ ਜੀਵਨ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਪਰਿਵਾਰਾਂ ਦਾ ਕਹਿਣਾ ਸੀ ਕਿ ਛੋਟੀ ਜਿਹੀ ਗੱਲ ਲਈ ਉਨ੍ਹਾਂ ’ਚ ਦੂਰੀਆਂ ਵੱਧ ਗਈਆਂ ਸਨ, ਪਰ ਪੁਲਿਸ ਅਧਿਕਾਰੀਆਂ ਨੇ ਦੋਹਾਂ ਪੱਖਾਂ ਨੂੰ ਸਮਝਾਇਆ, ਜਿਸ ਤੋਂ ਬਾਅਦ ਅੱਜ ਮੂਵੀ ਡੇਟ ਰੱਖੀ ਗਈ। 


ਇੱਕ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਕਰੀਬ 20 ਸਾਲ ਹੋ ਗਏ ਹਨ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਸ ਦਾ ਪਤਨੀ ਦੇ ਨਾਲ ਮਨ ਮੁਟਾਵ ਹੋ ਗਿਆ ਸੀ। ਪਤਨੀ ਨੇ ਵਿਮੈਨ ਸੈੱਲ ’ਚ ਸ਼ਿਕਾਇਤਾਂ ਦਰਜ ਕਰਵਾ ਦਿੱਤੀਆਂ ਸਨ। ਉਧਰ, ਉਨ੍ਹਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਨੇ ਉਸ ਦੇ ਪਰਿਵਾਰ ਦੀ ਕਾਊਂਸਲਿੰਗ ਕਰਕੇ ਇੱਕ ਕਰ ਦਿੱਤਾ। ਅੱਜ ਫਿਰ ਤੋਂ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ ਹਨ।