Moag News: ਮੋਗਾ ਪਹੁੰਚੇ ਕੇਂਦਰ ਸਰਕਾਰ ਦੀਆਂ ਟੀਮਾਂ, ਸਰਕਾਰੀ ਪ੍ਰੋਗਰਾਮ ਤੇ ਯੋਜਨਾ ਦਾ ਸੋਸ਼ਲ ਆਡਿਟ ਕਰਾਉਣ ਦੇ ਹੁਕਮ
Moag News: ਬਲਾਕ ਨਿਹਾਲ ਸਿੰਘ ਵਾਲਾ ਵਿੱਚ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਜਰੂਰੀ ਹੈ ਕਿ ਅੰਕੜਿਆਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇ। ਮੋਗਾ ਨੂੰ 'ਐਸਪੀਰੇਸ਼ਨਲ ' ਤੋਂ 'ਇੰਸਪੀਰੇਸ਼ਨਲ ' ਜ਼ਿਲ੍ਹਾ ਬਣਾਉਣ ਲਈ
Moag News: : ਕੇਂਦਰੀ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਰਿਵਿਊ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਮਨਸਵੀ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਹਿਕਾਰੀ ਸਭਾ ਪਿੰਡ ਡਾਲਾ, ਹੈਲਥ ਵੈਲਨੈਸ ਸੈਂਟਰ ਬੀੜ ਰਾਉਕੇ ਅਤੇ ਡਿਜੀਟਲ ਲਾਇਬਰੇਰੀ ਪਿੰਡ ਰਣਸੀਂਹ ਕਲਾਂ ਦਾ ਵੀ ਦੌਰਾ ਕੀਤਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਨਸਵੀ ਕੁਮਾਰ ਨੇ ਕਿਹਾ ਕਿ ਵੱਖ ਵੱਖ ਸਰਕਾਰਾਂ ਵੱਲੋਂ ਲੋਕ ਹਿੱਤ ਸਰਕਾਰੀ ਯੋਜਨਾਵਾਂ ਤਾਂ ਬਣਾਈਆਂ ਅਤੇ ਲਾਗੂ ਕੀਤੀਆਂ ਜਾਂਦੀਆਂ ਹਨ ਪਰ ਇਹਨਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਨਹੀਂ ਪਹੁੰਚ ਪਾਉਂਦਾ। ਸਹੀ ਫੀਡਬੈਕ ਨਾ ਮਿਲਣ ਕਾਰਨ ਨਾ ਹੀ ਸਮੇਂ ਸਮੇਂ ਉੱਤੇ ਇਹਨਾਂ ਵਿੱਚ ਕੋਈ ਸੁਧਾਰ ਕੀਤਾ ਜਾ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਹਰੇਕ ਸਰਕਾਰੀ ਪ੍ਰੋਗਰਾਮ ਅਤੇ ਯੋਜਨਾ ਦਾ ਸੋਸ਼ਲ ਆਡਿਟ ਕਰਵਾਇਆ ਜਾਵੇ। ਸੋਸ਼ਲ ਆਡਿਟ ਦੌਰਾਨ ਲੋਕਾਂ ਤੋਂ ਇਹਨਾਂ ਪ੍ਰੋਗਰਾਮਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਅਤੇ ਫੀਡਬੈਕ ਹਾਸਿਲ ਕੀਤੀ ਜਾਵੇ।
ਉਹਨਾਂ ਕਿਹਾ ਕਿ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਜਰੂਰੀ ਹੈ ਕਿ ਅੰਕੜਿਆਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾਵੇ। ਮੋਗਾ ਨੂੰ 'ਐਸਪੀਰੇਸ਼ਨਲ ' ਤੋਂ 'ਇੰਸਪੀਰੇਸ਼ਨਲ ' ਜ਼ਿਲ੍ਹਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਹ ਯਤਨ ਇਕ ਟੀਮ ਦੇ ਤੌਰ ਉੱਤੇ ਕੰਮ ਕਰਨ ਨਾਲ ਹੀ ਸਫਲ ਹੋ ਸਕਦੇ ਹਨ। ਉਹਨਾਂ ਕਿਹਾ ਕਿ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਬੱਚਿਆਂ ਨੂੰ ਆਂਗਨਵਾੜੀ ਸੈਂਟਰ ਵਿੱਚ ਔਰਗੈਨਿਕ ਭੋਜਨ ਮੁੱਹਈਆ ਕਰਾਉਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਉਹਨਾਂ ਜ਼ਿਲ੍ਹਾ ਮੋਗਾ ਵਿੱਚ ਟੀ ਬੀ ਅਤੇ ਕੁਪੋਸ਼ਣ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਕਿਹਾ ਕਿ ਪੰਜਾਬ ਕੋਲ ਪੂਰੇ ਦੇਸ਼ ਨੂੰ ਰਾਹ ਦਿਖਾਉਣ ਦੀ ਸਮਰੱਥਾ ਹੈ। ਇਸ ਦਿਸ਼ਾ ਵਿਚ ਪੰਜਾਬੀਆਂ ਨੂੰ ਅੱਗੇ ਲੱਗਣਾ ਚਾਹੀਦਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀ ਆਪਣੀ ਨਰੋਈ ਸਿਹਤ ਅਤੇ ਪ੍ਰਾਹੁਣਚਾਰੀ ਲਈ ਪੂਰੇ ਵਿਸ਼ਵ ਵਿੱਚ ਜਾਣੇ ਜਾਂਦੇ ਸਨ। ਅੱਜ ਲੋੜ੍ਹ ਹੈ ਕਿ ਪੰਜਾਬ ਦੀ ਇਹ ਸ਼ਾਨ ਮੁੜ ਬਹਾਲ ਕੀਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਐਸ ਡੀ ਐਮ ਹਰਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।