Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਝੋਨੇ ਦੀ ਪੀਆਰ 126 ਕਿਸਮ ਦੇ ਬੀਜ ਦਾ ਹੁਣੇ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ। ਇਸ ਸਬੰਧੀ ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸਾਉਣੀ 2022 ਦੌਰਾਨ ਪੀਆਰ 126 ਕਿਸਮ ਦੇ ਬੀਜ ਦੀ ਭਾਰੀ ਮੰਗ ਰਹੀ। ਇਸ ਦਾ ਮੁੱਖ ਕਾਰਨ ਇਸ ਕਿਸਮ ਦੀ ਵੱਖ-ਵੱਖ ਖੇਤਰਾਂ ਵਿੱਚ ਝਾੜ ਵਿੱਚ ਸਥਿਰਤਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਸ ਕਿਸਮ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ, ਪਰ ਇਹ 38 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਡਾ. ਮਾਂਗਟ ਅਨੁਸਾਰ ਇਹ ਕਿਸਮ ਢਹਿੰਦੀ ਵੀ ਨਹੀਂ ਤੇ ਪਨੀਰੀ ਸਮੇਤ 123 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸਾਲ 2022 ਦੌਰਾਨ ਇਸ ਕਿਸਮ ਦੀ ਕਾਸ਼ਤ 5.0 ਲੱਖ ਹੈਕਟੇਅਰ ਤੋਂ ਵੀ ਵੱਧ ਰਕਬੇ ਤੇ ਕੀਤੀ ਗਈ। ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਵਿਚ ਖੇਤ ਖ਼ਾਲੀ ਕਰ ਦਿੰਦੀਆਂ ਹਨ
ਡਾ. ਮਾਂਗਟ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ 25-30 ਦਿਨ ਦਾ ਵਧੇਰੇ ਸਮਾਂ ਮਿਲ ਜਾਂਦਾ ਹੈ ਤੇ ਕਣਕ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ। ਡਾ. ਮਾਂਗਟ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਇਸ ਸਾਲ ਪੀਆਰ 126 ਕਿਸਮ ਸਭ ਤੋਂ ਵੱਧ ਸਫਲ ਸਿੱਧ ਹੋ ਰਹੀ ਹੈ।
ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰੇ ਪੀਆਰ 126 ਕਿਸਮ ਦਾ ਬੀਜ ਪੈਦਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਇਸ ਕਿਸਮ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਚੱਲ ਰਹੇ ਸੀਜ਼ਨ ਦੌਰਾਨ ਆਪਣੇ ਖੇਤਾਂ ਵਿੱਚੋਂ ਆਂਢੀਆਂ-ਗੁਆਂਢੀਆਂ ਜਾਂ ਰਿਸ਼ਤੇਦਾਰਾਂ ਕੋਲੋਂ ਪੀਆਰ 126 ਕਿਸਮ ਦੇ ਬੀਜ ਦਾ ਪ੍ਰਬੰਧ ਹੁਣੇ ਕਰ ਲੈਣ ਤਾਂ ਜੋ ਅਗਲੇ ਸੀਜ਼ਨ ਦੌਰਾਨ ਇਸ ਕਿਸਮ ਦੇ ਬੀਜ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।