Punjab Sand Crisis : ਰੇਤਾ ਮਹਿੰਗਾ ਹੋਣ ਕਾਰਨ ਜਿੱਥੇ ਪੰਜਾਬ ਦੇ ਪ੍ਰਾਪਟੀ ਕਾਰੋਬਾਰੀ ਅਤੇ ਆਮ ਲੋਕ ਮਕਾਨ ਬਣਾਉਣ ਤੋਂ ਗੁਰੇਜ਼ ਕਰ ਰਹੇ ਹਨ ਤਾਂ ਉੱਥੇ ਹੀ ਹੁਣ ਰੇਤ ਦਾ ਕਾਰੋਬਾਰ ਕਰਨ ਵਾਲਿਆਂ ਨੇ ਵੀ ਸਰਕਾਰ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਕਿ ਰੇਤਾ ਮਹਿੰਗਾ ਹੋਣ ਕਾਰਨ ਉਨ੍ਹਾਂ ਦੇ ਕੰਮਕਾਜ 'ਤੇ ਕਾਫ਼ੀ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਜੋ ਟਿੱਪਰ ਉਨ੍ਹਾਂ ਨੂੰ ਪਹਿਲਾਂ ਅਠਾਰਾਂ ਤੋਂ ਵੀਹ ਹਜ਼ਾਰ ਦਾ ਪੈਂਦਾ ਸੀ, ਉਹ ਹੁਣ ਪੈਂਤੀ ਤੋਂ ਚਾਲੀ ਹਜ਼ਾਰ ਰੁਪਏ ਦਾ ਪੈਂਦਾ ਹੈ, ਜਿਸ ਕਾਰਨ ਲੋਕਾਂ ਨੂੰ ਇਹ ਰੇਤਾ ਪਨਤਾਲੀ ਤੋਂ ਪੰਜਾਹ ਰੁਪਏ ਫੁੱਟ ਮਿਲਦਾ ਹੈ।
ਉਧਰ ਇਸ ਸੰਬੰਧੀ ਰੇਤਾ ਖ਼ਰੀਦਣ ਆਏ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਦੇ ਕਰੀਬ ਟਰਾਲੀ ਮਿਲ ਰਹੀ ਹੈ ਕਿਉਂਕਿ ਇਸ ਵਿੱਚ ਵੀ ਕਰੀਬ ਅੱਸੀ ਫੁੱਟ ਰੇਤਾ ਹੈ ,ਜੋ ਕਿ ਸੱਠ ਰੁਪਏ ਫੁੱਟ ਦੇ ਕਰੀਬ ਉਨ੍ਹਾਂ ਨੂੰ ਮਿਲੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ ਕਹਾਉਂਦੀ ਹੈ ,ਉਸ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਦਾ ਘਰ ਬਣਾਉਣਾ ਮੁਸ਼ਕਿਲ ਹੈ ਤਾਂ ਉੱਥੇ ਹੀ ਕਾਰੋਬਾਰ 'ਤੇ ਵੀ ਮਾੜਾ ਅਸਰ ਪਿਆ ਹੈ ਅਤੇ ਮਜ਼ਦੂਰ ਵਰਗ ਵੀ ਬੇਰੁਜ਼ਗਾਰ ਸੜਕਾਂ 'ਤੇ ਘੁੰਮ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਉਨ੍ਹਾਂ ਨੂੰ ਪਹਿਲਾਂ ਅਠਾਰਾਂ ਸੌ ਤੋਂ ਦੋ ਹਜ਼ਾਰ ਰੁਪਏ ਦੀ ਟਰਾਲੀ ਮਿਲਦੀ ਸੀ ,ਉਹ ਹੁਣ ਪੰਜ ਹਜ਼ਾਰ ਤੋਂ ਪਚਵੰਜਾ ਸੌ ਰੁਪਏ ਦੇ ਕਰੀਬ ਮਿਲ ਰਹੀ ਹੈ।
ਉਧਰ ਇਸ ਸੰਬੰਧੀ ਜਦੋਂ ਰੇਤ ਵਿਕਰੇਤਾ ਧਰਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੇਤਾ ਮਹਿੰਗਾ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੇਤਾ ਖੱਡ ਤੋਂ ਹੀ ਤੀਹ ਰੁਪਏ ਦੇ ਕਰੀਬ ਮਿਲ ਰਿਹਾ ਹੈ ਅਤੇ ਇਸ ਉੱਤੇ ਦੱਸ ਤੋਂ ਪੰਦਰਾਂ ਰੁਪਏ ਦੇ ਕਰੀਬ ਖਰਚੇ ਪੈਂਦੇ ਹਨ , ਜਿਸ ਕਾਰਨ ਉਨ੍ਹਾਂ ਨੂੰ ਪਨਤਾਲੀ ਤੋਂ ਪੰਜਾਹ ਰੁਪਏ ਫੁੱਟ ਦੇਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਜਿੱਥੇ ਮਾਨ ਸਰਕਾਰ 'ਤੇ ਸਵਾਲ ਚੁੱਕੇ ਤਾਂ ਉਥੇ ਹੀ ਕਿਹਾ ਕਿ ਇਸ ਸਰਕਾਰ ਵਿੱਚ ਉਨ੍ਹਾਂ ਦੇ ਕੰਮਕਾਰ ਬੰਦ ਹੋਣ ਕਾਰਨ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਧਰ ਇਸ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਸਟਮ ਨੂੰ ਸੁਧਾਰਨ ਵਿੱਚ ਸਮਾਂ ਲੱਗਦਾ ਹੈ ਅਤੇ ਰੇਤੇ ਦੇ ਰੇਟ ਨੂੰ ਕੰਟਰੋਲ ਕਰਨ ਦੇ ਲਈ ਹਾਲੇ ਵੀ ਦਸ ਦਿਨ ਦਾ ਸਮਾਂ ਲੱਗ ਸਕਦਾ। ਇਸ ਦੌਰਾਨ ਉਨ੍ਹਾਂ ਸਮੇਂ ਦੀਆਂ ਸਰਕਾਰਾਂ 'ਤੇ ਠੀਕਰਾ ਸਿਟਦੇ ਹੋਏ ਵਿਧਾਨ ਸਭਾ ਵਿੱਚ ਚੁੱਕੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਸਿਸਟਮ ਨੂੰ ਸਹੀ ਕਰ ਰਹੇ ਹਨ।