Ludhiana News: ਕਿਸਾਨਾਂ ਦੀ ਸ਼ਰੇਆਮ ਲੁੱਟ! ਯੂਰੀਆ ਤੇ ਡੀਏਪੀ ਖਾਦ ਨਾਲ ਜ਼ਬਰੀ ਮੜ੍ਹੀਆਂ ਜਾ ਰਹੀਆਂ ਕੀਟਨਾਸ਼ਕ ਦਵਾਈਆਂ
ਸਬਸਿਡੀ ਵਾਲੀ ਖਾਦ ਨਾਲ ਜਬਰੀ ਥੋਪੀਆਂ ਜਾਣ ਵਾਲੀਆਂ ਅਜਿਹੀਆਂ ਵਸਤਾਂ ਵਿੱਚ ਕੀੜੇਮਾਰ ਦਵਾਈਆਂ ਤੇ ਬਾਇਓ ਖਾਦਾਂ ਆਦਿ ਸਮੱਗਰੀ ਸ਼ਾਮਲ ਹੈ।
Ludhiana News: ਪੰਜਾਬ ਵਿੱਚ ਅਜੇ ਵੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਕਿਸਾਨਾਂ ਨੂੰ ਖਾਦ ਨਾਲ ਜ਼ਬਰੀ ਹੋਰ ਸਮੱਗਰੀ ਖਰਦੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਭ ਸ਼ਰੇਆਮ ਚੱਲ ਰਿਹਾ ਹੈ ਪਰ ਇਸ ਕਰਕੇ ਕਿਸਾਨਾਂ ਅੰਦਰ ਰੋਸ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚੋਂ ਖਾਦ ਵਿਕਰੇਤਾਵਾਂ/ਡੀਲਰਾਂ ਵੱਲੋਂ ਸਬਸਿਡੀ ਉੱਤੇ ਦਿੱਤੀ ਜਾਣ ਵਾਲੀ ਯੂਰੀਆ ਤੇ ਡੀਏਪੀ ਖਾਦ ਵੇਚਣ ਸਮੇਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਹੋਰ ਵਸਤਾਂ ਜਬਰੀ ਥੋਪਣ ਦੀਆਂ ਰਿਪੋਰਟਾਂ ਆ ਰਹੀਆਂ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਲੁਧਿਆਣਾ ਜ਼ਿਲ੍ਹੇ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਬਲਾਕ ਮਲੌਦ ਦੇ ਕਨਵੀਨਰ ਲਖਵਿੰਦਰ ਸਿੰਘ ਲਾਡੀ ਉਕਸੀ ਨੇ ਦੱਸਿਆ ਕਿ ਸਬਸਿਡੀ ਵਾਲੀ ਖਾਦ ਨਾਲ ਜਬਰੀ ਥੋਪੀਆਂ ਜਾਣ ਵਾਲੀਆਂ ਅਜਿਹੀਆਂ ਵਸਤਾਂ ਵਿੱਚ ਕੀੜੇਮਾਰ ਦਵਾਈਆਂ ਤੇ ਬਾਇਓ ਖਾਦਾਂ ਆਦਿ ਸਮੱਗਰੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਨੇ ਖਾਦ ਵੀ ਉਧਾਰ ਲੈਣੀ ਹੁੰਦੀ ਹੈ, ਜਿਸ ਦਾ ਫਾਇਦਾ ਉਠਾਉਂਦਿਆਂ ਖਾਦ ਵਿਕਰੇਤਾ ਉਨ੍ਹਾਂ ਨੂੰ ਵਾਧੂ ਵਸਤਾਂ ਲੈਣ ਲਈ ਮਜਬੂਰ ਕਰ ਰਹੇ ਹਨ।
ਉਧਰ, ਐਸਡੀਐਮ ਪਾਇਲ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਖਾਦ ਡੀਲਰਾਂ ਤੇ ਸਹਿਕਾਰੀ ਸਭਾਵਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਖਾਦ ਦੇ ਨਾਲ ਬਿਨਾਂ ਮੰਗ ਤੋਂ ਕੋਈ ਵੀ ਵਸਤੂ ਜਾਂ ਸਮੱਗਰੀ ਜਬਰੀ ਵੇਚੀ ਗਈ ਤਾਂ ਸਬੰਧਿਤ ਡੀਲਰ, ਸਹਿਕਾਰੀ ਸਭਾਵਾਂ, ਦੁਕਾਨਦਾਰਾਂ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਧੀਨ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਅਮਨਜੀਤ ਸਿੰਘ ਲੁਧਿਆਣਾ ਨੇ ਕਿਹਾ ਕਿ ਕਿਸੇ ਵੀ ਡੀਲਰ, ਦੁਕਾਨਦਾਰ ਜਾਂ ਸਹਿਕਾਰੀ ਸਭਾਵਾਂ ਨੂੰ ਬੇਲੋੜੀਆਂ ਚੀਜ਼ਾਂ ਨਾਲ ਮੜ੍ਹਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਿਕਾਇਤ ਮਿਲਣ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: PM Kisan: ਕਿਸਾਨਾਂ ਨੂੰ ਦੀਵਾਲੀ ਦਾ ਤੋਹਫ਼ਾ, ਪ੍ਰਧਾਨ ਮੰਤਰੀ ਮੋਦੀ ਅੱਜ ਜਾਰੀ ਕਰਨਗੇ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।