Ludhiana News: ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਨਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਫੜੀ। ਇੱਥੋਂ ਹਥਿਆਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਸਪਲਾਈ ਕੀਤੇ ਜਾਂਦੇ ਸਨ। ਪੁਲਿਸ ਨੇ ਫੈਕਟਰੀ 'ਚ ਹਥਿਆਰ ਬਣਾਉਣ ਵਾਲੇ ਤੇ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਇਨ੍ਹਾਂ ਕੋਲੋਂ ਕੋਲੋਂ 13 ਹਥਿਆਰ ਬਰਾਮਦ ਕੀਤੇ ਗਏ। ਦੱਸ ਦਈਏ ਕਿ ਮੁਲਜ਼ਮਾਂ ਦੀ ਪਛਾਣ ਖੰਨਾ ਦੀ ਜਗਤ ਕਲੋਨੀ ਵਾਸੀ ਵਿਸ਼ਾਲ ਕੁਮਾਰ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਵਾਸੀ ਵੀਰਪਾਲ ਸਿੰਘ ਟੋਨੀ ਵਜੋਂ ਹੋਈ।
ਇਸ ਬਾਬਤ ਲੁਧਿਆਣਾ ਰੇਂਜ ਦੇ ਆਈ.ਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਐਸਪੀ (ਆਈ) ਡਾ. ਪ੍ਰਗਿਆ ਜੈਨ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਟੀਮ ਨੇ ਪਿੰਡ ਲਲਹੇੜੀ ਤੋਂ ਵਿਸ਼ਾਲ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਵਿਸ਼ਾਲ ਕੁਮਾਰ ਦੇ ਕਈ ਗੈਂਗਸਟਰਾਂ ਨਾਲ ਸਬੰਧ ਹਨ। ਇਸ ਖ਼ਿਲਾਫ਼ ਪਹਿਲਾਂ ਹੀ 7 ਕੇਸ ਦਰਜ ਹਨ। ਉਹ ਜ਼ਮਾਨਤ 'ਤੇ ਬਾਹਰ ਸੀ।
ਮੱਧ ਪ੍ਰਦੇਸ਼ ਤੋਂ ਖ਼ਰੀਦੇ ਸੀ ਹਥਿਆਰ
ਪੁਲਿਸ ਅਧਿਕਾਰੀਆਂ ਨੇ ਦੱਸਿਆ ਨੇ ਵਿਸ਼ਾਲ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਵਿਸ਼ਾਲ ਦੀ ਨਿਸ਼ਾਨਦੇਹੀ 'ਤੇ ਪੁਆਇੰਟ 315 ਬੋਰ ਦੇ 2 ਦੇਸੀ ਪਿਸਤੌਲ ਬਰਾਮਦ ਹੋਏ। ਵਿਸ਼ਾਲ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇਹ ਪਿਸਤੌਲ ਉਸਨੇ ਮੱਧ ਪ੍ਰਦੇਸ਼ ਦੇ ਵੀਰਪਾਲ ਤੋਂ ਖ਼ਰੀਦੇ ਸਨ।
ਮੱਧ ਪ੍ਰਦੇਸ਼ ਵਿੱਚ ਰੇਡ ਮਾਰਕੇ ਅਸਲਾ ਕੀਤਾ ਬਰਾਮਦ
ਪੁਲਿਸ ਨੇ ਇਸ ਮਾਮਲੇ ਵਿੱਚ ਵੀਰਪਾਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਜਦੋਂ ਖੰਨਾ ਪੁਲਿਸ ਦੀ ਟੀਮ ਨੇ ਵੀਰਪਾਲ ਦੇ ਮੱਧ ਪ੍ਰਦੇਸ਼ ਸਥਿਤ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਉਥੋਂ ਪੁਆਇੰਟ 32 ਬੋਰ ਦੇ 11 ਦੇਸੀ ਪਿਸਤੌਲ ਬਰਾਮਦ ਹੋਏ। ਵੀਰਪਾਲ ਸਿੰਘ ਆਪਣੇ ਰਿਸ਼ਤੇਦਾਰ ਤਕਦੀਰ ਸਿੰਘ ਨਾਲ ਮਿਲ ਕੇ ਅਸਲਾ ਬਣਾਉਣ ਦਾ ਧੰਦਾ ਕਰਦਾ ਸੀ। ਤਕਦੀਰ ਸਿੰਘ ਨੂੰ ਦੋ ਮਹੀਨੇ ਪਹਿਲਾਂ ਖੰਨਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ।
ਆਈਜੀ ਸ਼ਰਮਾ ਨੇ ਦੱਸਿਆ ਕਿ ਤਕਦੀਰ ਅਤੇ ਵੀਰਪਾਲ ਖੁਦ ਹਥਿਆਰ ਬਣਾਉਂਦੇ ਸਨ। ਡਿਮਾਂਡ 'ਤੇ ਦੇਸੀ ਪਿਸਤੌਲ ਵੇਚਦੇ ਸੀ। ਪੁਲਿਸ ਉਨ੍ਹਾਂ ਦੇ ਬਾਕੀ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ।