Ludhiana News: ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ ਉੱਪਰ ਐਕਸ਼ਨ ਸ਼ੁਰੂ ਹੋ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਲਾਇਸੈਂਸਾਂ ਦੀ ਸਮੀਖਿਆ ਮਗਰੋਂ ਵੱਡੀ ਪੱਧਰ ਉੱਪਰ ਹਥਿਆਰ ਘਟਣਗੇ। ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਕਿ ਇੱਕ-ਇੱਕ ਲਾਇਸੰਸ ਉੱਪਰ ਤਿੰਨ-ਤਿੰਨ ਹਥਿਆਰ ਰੱਖੇ ਹੋਏ ਹਨ। ਇਸ ਤੋਂ ਇਲਾਵਾ ਜੋ ਲੋਕ ਸਹੀ ਕਾਗਜ-ਪੱਤਰ ਨਾ ਪੇਸ਼ ਕਰ ਸਕੇ ਉਨ੍ਹਾਂ ਦੇ ਲਾਇਸੰਸ ਵੀ ਰੱਦ ਹੋਣਗੇ।



ਦੱਸ ਦਈਏ ਕਿ ਸੂਬੇ ’ਚ ਗੈਂਗਵਾਰ ਤੇ ਕਤਲ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ’ਚ ਹਥਿਆਰਾਂ ਦੇ ਲਾਇਸੈਂਸ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਇਹ ਵੀ ਹੁਕਮ ਦਿੱਤੇ ਗਏ ਹਨ ਕਿ ਪੰਜਾਬ ’ਚ ਆਉਣ ਵਾਲੇ ਤਿੰਨ ਮਹੀਨੇ ਮਹੀਨੇ ਤੱਕ ਕੋਈ ਵੀ ਨਵੇਂ ਹਥਿਆਰ ਦਾ ਲਾਇਸੈਂਸ ਨਹੀਂ ਬਣੇਗਾ ਜਿਨ੍ਹਾਂ ਗਲਤ ਅਨਸਰਾਂ ਕੋਲ ਹਥਿਆਰਾਂ ਦੇ ਲਾਇਸੈਂਸ ਹਨ, ਉਨ੍ਹਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ। ਸਨਅਤੀ ਸ਼ਹਿਰ ’ਚ 21 ਹਜ਼ਾਰ ਦੇ ਕਰੀਬ ਲੋਕਾਂ ਨੇ ਲਾਇਸੈਂਸੀ ਹਥਿਆਰ ਬਣਵਾ ਰੱਖੇ ਹਨ। ਇਨ੍ਹਾਂ 21 ਹਜ਼ਾਰ ਲਾਇਸੈਂਸ ਧਾਰਕਾਂ ਕੋਲ 23 ਹਜ਼ਾਰ ਦੇ ਕਰੀਬ ਹਥਿਆਰ ਹਨ। ਕੁਝ ਲਾਇਸੈਂਸ ਧਾਰਕਾਂ ਨੇ ਤਾਂ ਇੱਕ ਲਾਇਸੈਂਸ ’ਤੇ 3-3 ਹਥਿਆਰ ਰੱਖੇ ਹੋਏ ਹਨ।

ਇੱਥੇ ਜ਼ਿਆਦਾਤਰ ਲਾਇਸੈਂਸ ਰਾਜਸੀ ਆਗੂਆਂ, ਧਾਰਮਿਕ ਆਗੂਆਂ, ਧਰਮ ਗੁਰੂਆਂ ਤੇ ਪੁਲਿਸ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਕੋਲ ਹਨ। ਕਮਿਸ਼ਨਰੇਟ ਪੁਲਿਸ ਨੇ ਸੂਚੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਹੜੇ ਕਿਹੜੇ ਕੋਲ ਲਾਇਸੈਂਸ ਹਨ ਤੇ ਉਸ ’ਤੇ ਕਿੰਨੇ ਹਥਿਆਰ ਲਏ ਹੋਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਨ੍ਹਾਂ ਕਿਨ੍ਹਾਂ ਲੋਕਾਂ ਨੂੰ ਹਥਿਆਰ ਦੀ ਲੋੜ ਹੈ। ਜੇਕਰ ਕਿਸੇ ਨੇ ਗਲਤ ਤਰੀਕੇ ਨਾਲ ਲਾਇਸੈਂਸ ਬਣਵਾਇਆ ਹੈ ਤਾਂ ਉਸ ਦਾ ਲਾਇਸੈਂਸ ਰੱਦ ਹੋ ਸਕਦਾ ਹੈ। ਇਥੇ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੇ ਸਿਰਫ਼ ਸਟੇਟਸ ਲਈ ਲਾਇਸੈਂਸੀ ਹਥਿਆਰ ਰੱਖੇ ਹੋਏ ਹਨ। ਪੁਲਿਸ ਨੇ ਇੱਕ ਟੀਮ ਤਿਆਰ ਕੀਤੀ ਹੈ, ਜੋ ਸਾਰੀ ਸੂਚੀ ਤਿਆਰ ਕਰੇਗੀ।

ਡੀਸੀਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ’ਚ ਆਖਿਆ ਗਿਆ ਹੈ ਕਿ ਜੇਕਰ ਕੋਈ ਵੀ ਲਾਇਸੈਂਸ ਗਲਤ ਤਰੀਕੇ ਨਾਲ ਜਾਰੀ ਕੀਤਾ ਗਿਆ ਹੈ ਤਾਂ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਕਮਿਸ਼ਨਰੇਟ ਪੁਲਿਸ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਸੂਚੀ ਤਿਆਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਰੀਵਿਊ ਕਰਨ ਉਪਰੰਤ ਜਿਨ੍ਹਾਂ ਲੋਕਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਹੈ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।