Ludhiana News: ਇੱਕ 8ਵੀਂ ਪਾਸ ਨੌਜਵਾਨ ਕਰਦਾ ਸੀ ਅਜਿਹੇ ਕੰਮ ਜਿਸ ਨੂੰ ਜਾਣਕੇ ਪੁਲਿਸ ਵੀ ਹੈਰਾਨ ਰਹਿ ਗਈ। ਆਪਣੇ ਇਸ ਕੰਮ ਦੇ ਨਾਲ ਇਹ ਨੌਜਵਾਨ ਕਮਾਉਂਦਾ ਸੀ ਮੋਟੀ ਰਕਮ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?
CIA-2 ਦੀ ਪੁਲਿਸ ਨੇ ਇੱਕ 8ਵੀਂ ਪਾਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵਿਧਾਇਕ, ਕੌਂਸਲਰ ਅਤੇ ਸਰਪੰਚ ਦੀਆਂ ਜਾਅਲੀ ਮੋਹਰਾਂ ਲਗਾ ਕੇ ਸਰਕਾਰੀ ਦਸਤਾਵੇਜ਼ ਬਣਾ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਬਦਲੇ ਮੋਟੀ ਰਕਮ ਵਸੂਲਦਾ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਮੁਲਜ਼ਮ ਬਸਤੀ ਜੋਧੇਵਾਲ ਦੀ ਨੂਰਵਾਲਾ ਰੋਡ ਦਾ ਰਹਿਣ ਵਾਲਾ ਅਵਤਾਰ ਸਿੰਘ ਹੈ। ਪੁਲਿਸ ਨੇ ਉਸ ਕੋਲੋਂ 13 ਪੈਨ ਕਾਰਡ, 9 ਆਧਾਰ ਕਾਰਡ, 2 ਵੋਟਰ ਕਾਰਡ, 80 ਖਾਲੀ ਪੈਨ ਕਾਰਡ, 40 ਖਾਲੀ ਵੋਟਰ ਕਾਰਡ, 200 ਖਾਲੀ ਆਧਾਰ ਕਾਰਡ, 2 ਖਾਲੀ ਚਿੱਪ ਵਾਲੀ ਆਰ. ਸੀ, 9 ਜਾਅਲੀ ਮੋਹਰਾਂ, ਦਸਤਾਵੇਜ਼ ਵਾਲੇ ਫਾਰਮ ਬਰਾਮਦ ਕੀਤੇ ਹਨ। ਮੁਲਜ਼ਮ ਪੁਲਿਸ ਰਿਮਾਂਡ ’ਤੇ ਹੈ।
ਜਾਅਲੀ ਮੋਹਰਾਂ ਲਗਾ ਕੇ ਕਰਦਾ ਸੀ ਮੋਟੀ ਕਮਾਈ
ਏ. ਡੀ. ਸੀ. ਪੀ. ਸਰਾਂ, ਏ. ਸੀ. ਪੀ. ਗੁਰਪ੍ਰੀਤ ਸਿੰਘ ਅਤੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਸੀ. ਆਈ. ਏ.-2 ਦੀ ਟੀਮ ਗਸ਼ਤ ’ਤੇ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹੈਬੋਵਾਲ ਦੇ ਪਵਿੱਤਰ ਨਗਰ ’ਚ ਅਵਤਾਰ ਸਿੰਘ ਦਾ ਕੈਫੇ ਹੈ, ਜਿੱਥੇ ਉਹ ਪੈਨ ਕਾਰਡ, ਆਧਾਰ ਕਾਰਡ ਅਤੇ ਹੋਰ ਵੱਖ-ਵੱਖ ਦਸਤਾਵੇਜ਼ ਬਣਾਉਂਦਾ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਬਣਾਉਣ ਲਈ ਵਿਧਾਇਕ, ਕੌਂਸਲਰ ਅਤੇ ਸਰਪੰਚ ਦੀਆਂ ਮੋਹਰਾਂ ਦੀ ਵਰਤੋਂ ਹੁੰਦੀ ਹੈ। ਮੁਲਜ਼ਮ ਨੇ ਜਾਅਲੀ ਮੋਹਰਾਂ ਬਣਾਈਆਂ ਹੋਈਆਂ ਸਨ, ਜੋ ਜਾਅਲੀ ਮੋਹਰਾਂ ਲਗਾ ਕੇ ਉਸ ’ਤੇ ਵਿਧਾਇਕ, ਕੌਂਸਲਰ ਅਤੇ ਸਰਪੰਚ ਦੇ ਦਸਤਖ਼ਤ ਵੀ ਖੁਦ ਹੀ ਕਰ ਦਿੰਦਾ ਹੈ। ਇਸ ਤੋਂ ਬਾਅਦ ਮੁਲਜ਼ਮ ਨੂੰ ਛਾਪੇਮਾਰੀ ਕਰ ਕੇ ਫੜ ਲਿਆ ਗਿਆ।
ਹੋਰ ਪੜ੍ਹੋ : Punjab Weather Report: ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ, ਪੰਜਾਬ ਦੇ 11 ਜ਼ਿਲ੍ਹਿਆਂ 'ਚ ਤੂਫਾਨ ਤੇ ਮੀਂਹ ਦੀ ਚੇਤਾਵਨੀ
ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ’ਚ ਉਸ ਕੋਲੋਂ ਸਰਕਾਰੀ ਦਸਤਾਵੇਜ਼ ਅਤੇ ਜਾਅਲੀ ਮੋਹਰਾਂ ਬਰਾਮਦ ਹੋਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਇਹ ਕੰਮ ਕਰਨ ਬਦਲੇ ਮੋਟੀ ਰਕਮ ਵਸੂਲਦਾ ਸੀ। ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਸਾਰੇ ਕਾਰਨਾਮੇ ਵਿੱਚ ਹੋਰ ਕਿਹੜੇ ਲੋਕ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸ ਨੇ ਹੋਰ ਕਿੰਨੇ ਲੋਕਾਂ ਦੀਆਂ ਜਾਅਲੀ ਮੋਹਰਾਂ ਬਣਾਈਆਂ ਹੋਈਆਂ ਹਨ।