Former MLA Son Dies in Ludhiana: ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਸੀਨੀਅਰ ਆਗੂ ਦੇ ਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ ਦਾ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ। ਹਰਪ੍ਰੀਤ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਹਰਪ੍ਰੀਤ ਸ਼ਿਵਾਲਿਕ ਵੀ ਆਪਣੇ ਪਿਤਾ ਦਰਸ਼ਨ ਸਿੰਘ ਸ਼ਿਵਾਲਿਕ ਦੇ ਨਾਲ ਰਾਜਨੀਤੀ ਵਿੱਚ ਸਰਗਰਮ ਸੀ। ਉਹ ਅਕਾਲੀ ਦਲ ਦੀਆਂ ਯੂਥ ਸਰਗਰਮੀਆਂ ਵਿੱਚ ਅਕਸਰ ਸਰਗਰਮ ਰਹਿੰਦੇ ਸਨ।
ਲੀਵਰ ਦੀ ਬਿਮਾਰੀ ਤੋਂ ਪੀੜਤ ਸੀ ਹਰਪ੍ਰੀਤ
ਖਬਰਾਂ ਮੁਤਾਬਕ ਹਰਪ੍ਰੀਤ ਨੂੰ ਲੀਵਰ ਦੀ ਬਿਮਾਰੀ ਸੀ। ਹਰਪ੍ਰੀਤ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਸੋਗ ਹੈ, ਉੱਥੇ ਹੀ ਹਲਕਾ ਗਿੱਲ ਦੇ ਅਕਾਲੀ ਸਮਰਥਕਾਂ ਵਿੱਚ ਵੀ ਸੋਗ ਦੀ ਲਹਿਰ ਹੈ। ਹਰਪ੍ਰੀਤ ਦੀ ਮ੍ਰਿਤਕ ਦੇਹ ਅੱਜ ਲੁਧਿਆਣਾ ਦੇ ਬਰੇਵਾਲ ਰੋਡ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦੀ ਜਾਵੇਗੀ। ਉਮੀਦ ਹੈ ਕਿ ਭਲਕੇ ਹਰਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਰਪ੍ਰੀਤ ਦੇ ਅੰਤਿਮ ਸਸਕਾਰ ਵਿੱਚ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸ਼ਾਮਲ ਹੋਣ ਦੀ ਵੀ ਖ਼ਬਰ ਹੈ।