Ludhiana News: ਪੰਜਾਬ ਸਰਕਾਰ ਬੇਸ਼ੱਕ ਭ੍ਰਿਸ਼ਟਾਚਾਰ ਉੱਪਰ ਵੱਡੇ ਐਕਸ਼ਨ ਦੇ ਦਾਅਵੇ ਕਰ ਰਹੀ ਹੈ ਪਰ ਰਿਸ਼ਵਤਖੋਰੀ ਸ਼ਰੇਆਮ ਜਾਰੀ ਹੈ। ਮਾਲ ਮਹਿਕਮੇ ਤੇ ਪੁਲਿਸ ਵਿਭਾਗ ਵਿੱਚ ਰਿਸ਼ਵਤ ਦੇ ਮਾਮਲੇ ਨਿੱਤ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸੁਧਾਰ ਦਾ ਹੈ, ਜਿੱਥੇ ਥਾਣੇਦਾਰ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ।



ਹਾਸਲ ਜਾਣਕਾਰੀ ਮੁਤਾਬਕ ਥਾਣਾ ਸੁਧਾਰ ਦਾ ਥਾਣੇਦਾਰ ਗੁਰਮੀਤ ਸਿੰਘ ਹਲਵਾਰਾ ਦੇ ਬੱਸ ਅੱਡੇ ’ਤੇ ਆਟੋ ਚਾਲਕ ਤੋਂ 1500 ਰੁਪਏ ‌ਰਿਸ਼ਵਤ ਲੈਣ ਗਿਆ ਤਾਂ ਪਿੰਡ ਵਾਸੀਆਂ ਨੇ ਦਬੋਚ ਲਿਆ। ਰਿਸ਼ਵਤ ਦੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ’ਚ 90 ਹਜ਼ਾਰ ਰੁਪਏ ਤਨਖ਼ਾਹ ਲੈਣ ਵਾਲਾ ਥਾਣੇਦਾਰ ਲੋਕਾਂ ਸਾਹਮਣੇ ਮੁਆਫ਼ੀ ਲਈ ਮਿੰਨਤਾਂ-ਤਰਲੇ ਕਰਦਾ ਨਜ਼ਰ ਆਇਆ। ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਨਵਨੀਤ ਸਿੰਘ ਬੈਂਸ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਥਾਣੇਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਪੁਲਿਸ ਕਪਤਾਨ (ਸਥਾਨਕ) ਮਨਵਿੰਦਰਬੀਰ ਸਿੰਘ ਨੂੰ ਸੌਂਪੀ ਗਈ ਹੈ। 


ਹੋਰ ਪੜ੍ਹੋ : Amritsar News: ਅੰਮ੍ਰਿਤਸਰ 'ਚ ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਖੜਕੀ, ਹਾਲਾਤ ਵਿਗੜਦੇ ਵੇਖ ਵਾਧੂ ਪੁਲਿਸ ਫੋਰਸ ਬੁਲਾਈ



ਦੱਸ ਦਈਏ ਕਿ ਹਲਵਾਰਾ ਅੱਡੇ ’ਤੇ ਇਕੱਤਰ ਹੋਈ ਭੀੜ ਵਿੱਚੋਂ ਕੁਝ ਨੌਜਵਾਨਾਂ ਨੇ ਸ਼ਰਾਬ ਨਾਲ ਰੱਜੇ ਥਾਣੇਦਾਰ ਦੀ ਗੱਡੀ ਦੀ ਚਾਬੀ ਵੀ ਕੱਢ ਲਈ ਸੀ ਤੇ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਦਿੱਤੇ ਕਾਰਵਾਈ ਦੇ ਭਰੋਸੇ ਤੋਂ ਬਾਅਦ ਹੀ ਲੋਕਾਂ ਨੇ ਚਾਬੀ ਵਾਪਸ ਕੀਤੀ। 


ਹਾਸਲ ਜਾਣਕਾਰੀ ਮਤਾਬਕ ਹਲਵਾਰਾ ਵਾਸੀ ਪ੍ਰਿਤਪਾਲ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣਾ ਆਟੋ ਇੱਕ ਲੱਖ ਰੁਪਏ ਵਿੱਚ ਲੁਧਿਆਣਾ ਵਾਸੀ ਨੂੰ ਵੇਚਿਆ ਸੀ। ਇਸ ਬਦਲੇ ਉਸ ਨੂੰ 10 ਹਜ਼ਾਰ ਰਪਏ ਨਗਦ ਤੇ 90 ਹਜ਼ਾਰ ਦਾ ਚੈੱਕ ਮਿਲਿਆ ਸੀ ਪਰ ਚੈੱਕ ਬਾਊਂਸ ਹੋਣ ਕਾਰਨ ਪੁਲਿਸ ਨੇ ਆਟੋ ਕਬਜ਼ੇ ਵਿੱਚ ਲੈ ਲਿਆ ਸੀ। ਮਾਲਕ ਨੂੰ ਆਟੋ ਵਾਪਸ ਦੇਣ ਬਦਲੇ ਥਾਣੇਦਾਰ ਨੇ ਪਹਿਲਾਂ 2500 ਰੁਪਏ ਲਏ ਸਨ ਤੇ ਬੀਤੇ ਦਿਨ 1500 ਰੁਪਏ ਹੋਰ ਲੈਣ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ