Ludhiana News: ਪੰਜਾਬ ਦੀਆਂ ਜੇਲ੍ਹਾਂ ਦੀ ਮੁੜ ਖੁੱਲ੍ਹੀ ਪੋਲ, 15000 'ਚ ਦਾਰੂ-ਪਿਆਲਾ, 55000 'ਚ ਟੱਚ ਸਕਰੀਨ ਵਾਲੇ ਮੋਬਾਈਲ, ਕੈਦੀਆਂ ਨੇ ਖੁਦ ਕੀਤੇ ਖੁਲਾਸੇ
Ludhiana News: ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੈਦੀਆਂ ਨੂੰ ਗੇਟ ਅੰਦਰ ਲਿਜਾਇਆ ਜਾ ਰਿਹਾ ਸੀ। ਪੇਸ਼ੀ ਤੋਂ ਵਾਪਸ ਆਏ ਪੰਜ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਸ਼ਰਾਬ ਵਿੱਚ ਧੁੱਤ ਪਾਇਆ ਤੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ।
Ludhiana News: ਪੰਜਾਬ ਦੀਆਂ ਜੇਲ੍ਹਾਂ ਦੀ ਇੱਕ ਵਾਰ ਮੁੜ ਪੋਲ ਖੁੱਲ੍ਹੀ ਹੈ। ਜੇਲ੍ਹਾਂ ਵਿੱਚ ਖੂਬ ਰਿਸ਼ਵਤ ਚੱਲ ਰਹੀ ਹੈ। ਜੇਲ੍ਹ ਸਟਾਫ ਪੈਸੇ ਲੈ ਕੇ ਕੈਦੀਆਂ ਨੂੰ ਵੀਆਈਪੀ ਸਹੂਲਤਾਂ ਦੇ ਰਿਹਾ। ਕੈਦੀਆਂ ਨੇ ਖੁਦ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ 15000 ਰੁਪਏ ਲੈ ਕੇ ਸ਼ਰਾਬ ਪਿਆਈ ਹੈ। ਹੋਰ ਤਾਂ ਹੋਰ ਜੇਲ੍ਹ ਅੰਦਰ 55 ਹਜ਼ਾਰ ਰੁਪਏ ਵਿੱਚ ਆਸਾਨੀ ਨਾਲ ਟੱਚ ਸਕਰੀਨ ਵਾਲਾ ਮੋਬਾਈਲ ਮਿਲ ਜਾਂਦਾ ਹੈ।
ਦਰਅਸਲ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੈਦੀਆਂ ਨੂੰ ਗੇਟ ਅੰਦਰ ਲਿਜਾਇਆ ਜਾ ਰਿਹਾ ਸੀ। ਪੇਸ਼ੀ ਤੋਂ ਵਾਪਸ ਆਏ ਪੰਜ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਸ਼ਰਾਬ ਵਿੱਚ ਧੁੱਤ ਪਾਇਆ ਤੇ ਉਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਹਸਪਤਾਲ ਪਹੁੰਚੇ ਅੰਡਰ ਟਰਾਇਲ ਕੈਦੀਆਂ ਨੇ ਖੂਬ ਹੰਗਾਮਾ ਮਚਾਇਆ ਤੇ ਮੀਡੀਆ ਸਾਹਮਣੇ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ ਪੁਲਿਸ ’ਤੇ ਪੇਸ਼ੀ ਦੌਰਾਨ ਪੈਸੇ ਲੈ ਕੇ ਸ਼ਰਾਬ ਪਿਆਉਣ ਦੇ ਗੰਭੀਰ ਦੋਸ਼ ਲਾਏ।
ਮੀਡੀਆ ਸਾਹਮਣੇ ਗੈਂਗਸਟਰ ਸਾਹਿਲ ਕੰਡਾ ਨੇ ਕਿਹਾ ਕਿ ਉਸ ਖ਼ਿਲਾਫ਼ 8 ਤੋਂ 9 ਮਾਮਲੇ ਦਰਜ ਹਨ। ਉਹ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਹੋਰ ਸਾਥੀਆਂ 'ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਹ ਆਪਣੇ ਚਾਰ ਹੋਰ ਸਾਥੀਆਂ ਨਾਲ ਕਿਸੇ ਕੇਸ ਦੀ ਸੁਣਵਾਈ ਲਈ ਗਿਆ ਹੋਇਆ ਸੀ। ਪੇਸ਼ੀ ਤੋਂ ਬਾਅਦ ਉਸ ਨੇ 15 ਹਜ਼ਾਰ ਰੁਪਏ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ, ਜਿਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ।
ਸਾਹਿਲ ਅਨੁਸਾਰ ਜਦੋਂ ਉਹ ਵਾਪਸ ਜੇਲ੍ਹ ਜਾਣ ਲੱਗੇ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਰੋਕ ਲਿਆ ਤੇ ਸ਼ਰਾਬ ਦਾ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਾਹਿਲ ਨੇ ਦੱਸਿਆ ਕਿ ਅਕਸਰ ਜਦੋਂ ਉਹ ਅਦਾਲਤ ਵਿੱਚ ਜਾਂਦੋ ਹਨ ਤਾਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਸ਼ਰਾਬ ਆਦਿ ਪੀਂਦੇ ਹਨ। ਅੱਜ ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੋ ਗਿਆ ਜਿਸ ਕਾਰਨ ਉਹ ਫੜੇ ਗਏ।
ਸਾਹਿਲ ਕੰਡਾ ਨੇ ਖੁਲਾਸਾ ਕੀਤਾ ਕਿ ਜੇਕਰ ਕੋਈ ਕੈਦੀ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਲੈਣਾ ਚਾਹੁੰਦਾ ਹੈ ਤਾਂ ਉਹ 55 ਹਜ਼ਾਰ ਰੁਪਏ ਵਿੱਚ ਆਸਾਨੀ ਨਾਲ ਟੱਚ ਸਕਰੀਨ ਵਾਲਾ ਮੋਬਾਈਲ ਪ੍ਰਾਪਤ ਕਰ ਸਕਦਾ ਹੈ। ਸਾਹਿਲ ਨੇ ਇੱਕ ਡਿਪਟੀ ਸੁਪਰਡੈਂਟ 'ਤੇ ਮੋਬਾਈਲ ਵਪਾਰ ਦੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ।
ਸਾਹਿਲ ਕੰਡਾ ਨੇ ਦੱਸਿਆ ਕਿ ਅਦਾਲਤ ਵਿੱਚ ਜਾਣ ਸਮੇਂ ਉਸ ਕੋਲ ਕੋਈ ਪੈਸਾ ਨਹੀਂ ਹੁੰਦਾ ਪਰ ਉਹ ਕਿਸੇ ਨਾ ਕਿਸੇ ਜਾਣ-ਪਛਾਣ ਵਾਲੇ ਤੋਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦਵਾ ਦਿੰਦਾ ਹੈ। ਕਈ ਵਾਰ ਕਈ ਪੁਲਿਸ ਮੁਲਾਜ਼ਮਾਂ ਨੂੰ ਡਿਜੀਟਲ ਪੇਮੈਂਟ ਵੀ ਕੀਤੀ ਗਈ ਹੈ। ਵਿਚਾਰ ਅਧੀਨ ਕੈਦੀਆਂ ਦੀ ਪਛਾਣ ਜਤਿਨ ਮੋਂਗਾ, ਸਾਹਿਲ ਕਾਂਡਾ, ਦੀਪੂ ਕੁਮਾਰ, ਵਿਸ਼ਾਲ ਗਿੱਲ ਤੇ ਮਨਪ੍ਰੀਤ ਪਾਲ ਵਜੋਂ ਹੋਈ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਇਸ ਦੌਰਾਨ ਕੈਦੀਆਂ ਨੇ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਵੀ ਕੀਤੀ। ਮੈਡੀਕਲ ਤੋਂ ਬਾਅਦ ਖੂਨ ਦੇ ਨਮੂਨੇ ਲੈ ਕੇ ਲੈਬ ਵਿੱਚ ਭੇਜੇ ਗਏ ਤੇ ਵਿਚਾਰ ਅਧੀਨ ਕੈਦੀਆਂ ਨੂੰ ਵਾਪਸ ਕੇਂਦਰੀ ਜੇਲ੍ਹ ਲਿਜਾਇਆ ਗਿਆ।