Road Accident : ਖੰਨਾ: ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦਰਦਨਾਕ ਸੜਕ ਹਾਦਸਾ ਹੋਇਆ ਹੈ। ਉੱਤਰ ਪ੍ਰਦੇਸ਼ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਖੰਨਾ ਦੇ ਪਿੰਡ ਮੋਹਨਪੁਰ ਨੇੜੇ ਖਤਾਨਾਂ ਵਿੱਚ ਵੜ ਗਈ। ਬੋਲੈਰੋ ਜੀਪ ਵਿੱਚ ਪਰਿਵਾਰ ਦੇ ਕਰੀਬ 12 ਮੈਂਬਰ ਸਵਾਰ ਸਨ।



ਇਸ ਹਾਦਸੇ ਵਿੱਚ 17 ਸਾਲਾਂ ਦੀ ਬੱਚੀ ਸਿਮਰਨ ਦੀ ਮੌਤ ਹੋ ਗਈ। ਬਾਕੀ ਸ਼ਰਧਾਲੂ ਜਖ਼ਮੀ ਹੋ ਗਏ। ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਬਿਲਾਸਪੁਰ ਤਹਿਸੀਲ ਦੇ ਰਹਿਣ ਵਾਲੇ ਹਨ। ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਰਿਹਾ।


 



ਗੱਡੀ ਚਲਾ ਰਹੇ ਤਰਸੇਮ ਸਿੰਘ ਨੇ ਕਿਹਾ ਕਿ ਉਸਦੀ ਅੱਖ ਲੱਗ ਗਈ ਸੀ ,ਜਿਸ ਕਰਕੇ ਗੱਡੀ ਬੇਕਾਬੂ ਹੋ ਗਈ। ਹਾਦਸੇ ਵਿੱਚ ਉਸ ਦੀ ਬੇਟੀ ਦੀ ਮੌਤ ਹੋ ਗਈ। ਗੱਡੀ ਵਿੱਚ ਸਵਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਰਸਤੇ ਵਿੱਚ ਡਰਾਈਵਰ ਬਦਲਿਆ ਗਿਆ ਸੀ। ਹਾਲੇ ਅਸੀਂ ਸੋਚ ਹੀ ਰਹੇ ਸੀ ਕਿ ਰਸਤੇ ਵਿੱਚ ਚਾਹ ਪੀਂਦੇ ਹਾਂ ਇਸ ਤੋਂ ਪਹਿਲਾਂ ਹੀ ਹਾਦਸਾ ਹੋ ਗਿਆ।


ਪੰਜਾਬ 'ਚ ਹਰ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ , ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।  ਇਥੇ ਹਰ ਰੋਜ਼ 17 ਘਰਾਂ ਵਿੱਚ ਸੜਕ ਹਾਦਸੇ ਸੱਥਰ ਵਿਛਾ ਦਿੰਦੇ ਹਨ। ਪੰਜਾਬ ਵਿੱਚ 2019 ਦੇ ਅੰਕੜਿਆਂ ਮੁਤਾਬਿਕ 6316 ਪੰਜਾਬੀਆਂ ਨੇ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾਈਆਂ ਸਨ। ਸਾਲ 2017 ਦੌਰਾਨ ਹੋਏ ਸੜਕ ਹਾਦਸਿਆਂ ਦੌਰਾਨ 4,278 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ ਜ਼ਖਮੀਂ ਹੋਣ ਵਾਲਿਆਂ ਦੀ ਗਿਣਤੀ 4,024 ਰਹੀ। 


 

ਇਨ੍ਹਾਂ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ, ਨਸ਼ੇ ‘ਚ ਡਰਾਈਵਿੰਗ, ਡਰਾਇਵਰ ਦਾ ਧਿਆਨ ਭਟਕਣਾ, ਟਰੈਫਿਕ ਲਾਈਟਾਂ ਦੀ ਉਲੰਘਣਾ, ਗ਼ਲਤ ਪਾਸੇ ਗੱਡੀ ਚਲਾਉਣੀ, ਰਾਤ ਨੂੰ ਬਿਨਾ ਬੱਤੀਆਂ ਡਰਾਈਵਿੰਗ ਕਰਨੀ, ਗੱਡੀਆਂ ਦੀ ਹਾਲਤ ਠੀਕ ਨਾ ਹੋਣੀ, ਸੜਕਾਂ ‘ਤੇ ਫਿਰਦੇ ਜਾਨਵਰ, ਗ਼ਲਤ ਮੋੜ ਮੁੜਨਾ, ਰੇਸ ਲਾਉਣੀ, ਧੁੰਦ, ਟਾਇਰਾਂ ਦਾ ਫੱਟਣਾ, ਟਾਇਰਾਂ ਵਿੱਚ ਹਵਾ ਘੱਟ ਹੋਣਾ, ਸੜਕਾਂ ‘ਤੇ ਗ਼ਲਤ ਪਾਰਕਿੰਗ ਆਦਿ ਸੜਕ ਹਾਦਸਿਆਂ ਦੇ ਕਈ ਕਾਰਨ ਹੁੰਦੇ ਹਨ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।