Ludhiana News: ਪੰਜਾਬ ਭਰ ਵਿੱਚੋਂ ਪਰਾਲੀ ਸਾੜੇ ਜਾਣ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ ਲੁਧਿਆਣਾ ਵਿੱਚ ਹੁਣ ਤੱਕ 421 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਵਿੱਚੋਂ ਸਭ ਤੋਂ ਜ਼ਿਆਦਾ ਮਾਮਲੇ ਜਗਰਾਓਂ ਇਲਾਕੇ ਨਾਲ ਸਬੰਧਤ ਹਨ। ਇਸ ਬਾਬਤ ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ 95 ਮਾਮਲਿਆਂ ਵਿੱਚ ਤਕਰਬੀਨ 2 ਲੱਖ 32 ਹਜ਼ਾਰ ਦਾ ਜੁਰਮਾਨਾ ਕੀਤਾ ਜਾ ਚੁੱਕਿਆ ਹੈ।


ਦੱਸ ਦਈਏ ਕਿ ਲੁਧਿਆਣਾ ਵਿੱਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਲੋਕਾਂ ਲੋਕ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਦੂਸ਼ਣ ਦੇ ਕਾਰਨ ਲੋਕਾਂ ਦਾ ਜਿੱਥੇ ਸਾਹ ਲੈਣਾ ਔਖਾ ਹੋਇਆ ਹੈ ਤਾਂ ਉੱਥੇ ਹੀ ਅੱਖਾਂ ਦੇ ਵਿੱਚ ਵੀ ਜਲਣ ਮਹਿਸੂਸ ਹੋ ਰਹੀ ਹੈ।


ਇਸ ਬਾਬਤ ਜਦੋਂ ਮੁੱਖ ਖੇਤੀਬਾੜੀ ਅਫਸਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਸਭ ਤੋਂ ਵੱਧ ਮਾਮਲੇ ਜਗਰਾਉਂ ਦੇ ਨਾਲ ਸੰਬੰਧਿਤ ਪਾਏ ਗਏ ਹਨ ਤੇ ਜਿੰਨਾ ਕਿਸਾਨਾਂ ਨੇ ਪਰਾਲੀ ਸਾੜੀ ਹੈ ਉਨ੍ਹਾਂ ਨੂੰ ਜੁਰਮਾਨੇ ਵੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਇਸ ਵਾਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਮਾਮਲੇ ਪਿਛਲੇ ਸਾਲ ਨਾਲੋਂ ਅੱਧੇ ਪਾਏ ਗਏ ਹਨ।


ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਜਗਰਾਉਂ ਵਿੱਚ ਮਾਮਲੇ ਜ਼ਰੂਰ ਵਧੇ ਹਨ। ਉੱਥੇ 98 ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚੋਂ 95 ਕਿਸਾਨਾਂ ਨੂੰ ਜ਼ੁਰਮਾਨਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤੱਕ 2 ਲੱਖ 32 ਹਜਾਰ ਦੇ ਕਰੀਬ ਜ਼ੁਰਮਾਨਾ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਕਿਸਾਨ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਦੀ ਰਹਿੰਦ ਖੂੰਦ ਖੇਤਾਂ ਵਿੱਚ ਰਹੇਗੀ ਤਾਂ ਇਸ ਨਾਲ ਕਣਕ ਦਾ ਝਾੜ ਵਧੇਗਾ ਅਤੇ ਜੇਕਰ ਆਲੂ ਵੀ ਲਗਾਉਂਦੇ ਹਨ ਤਾਂ ਆਲੂ ਦਾ ਵੀ ਸਾਈਜ਼ ਵੱਡਾ ਹੋਵੇਗਾ। 


ਉੱਥੇ ਹੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਹਵਾ ਦਾ ਪ੍ਰਦੂਸ਼ਣ ਕਾਫੀ ਜ਼ਿਆਦਾ ਵਧਿਆ ਹੈ ਜਿਸ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਗਲੇ ਖ਼ਰਾਬ ਹੋ ਰਹੇ ਹਨ । ਜਿੱਥੇ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਤੇ ਉੱਥੇ ਹੀ ਦੀਵਾਲੀ ਨੂੰ ਲੈ ਕੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਟਾਕੇ ਚਲਾਉਣ ਉੱਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਹਵਾ ਪ੍ਰਦੂਸ਼ਣ ਜ਼ਿਆਦਾ ਨਾ ਵਧੇ।