Ludhiana News: ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲਾ ਸ਼ਾਤਿਰ ਗਰੋਹ ਕਾਬੂ ਆਇਆ ਹੈ। ਇਸ ਗਰੋਹ ਦੀ ਚਲਾਕੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਘਰ ਦੀ ਰਸੋਈ ਅੰਦਰ ਸੁਰੰਗ ਬਣਾਈ ਹੋਈ ਸੀ। ਇਹ ਮੋਟਰਾਂ ਚੋਰੀ ਕਰਕੇ ਸੁਰੰਗ ਵਿੱਚ ਰੱਖ ਦਿੰਦੇ ਸੀ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਵੀ ਨਾ ਹੋਏ। ਮਾਮਲਾ ਸ਼ਾਂਤ ਹੋਣ ਮਗਰੋਂ ਇਹ ਮੋਟਰਾਂ ਨੂੰ ਵੇਚ ਦਿੰਦੇ ਸੀ।


ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਗਰੋਹ ਇੰਨਾ ਚਲਾਕ ਸੀ ਕਿ ਇਸ ਦੇ ਮੈਂਬਰਾਂ ਨੇ ਘਰ ਦੀ ਰਸੋਈ ਵਿੱਚ ਹੀ ਖੁਫੀਆ ਤਰੀਕੇ ਨਾਲ ਅਜਿਹੀ ਸੁਰੰਗ ਬਣਾਈ ਹੋਈ ਸੀ। ਇਹ ਚੋਰੀ ਕੀਤੀਆਂ ਗਈਆਂ ਮੋਟਰਾਂ ਇਸ ਗਰੋਹ ਵੱਲੋਂ ਸੁਰੰਗ ਦੇ ਅੰਦਰ ਇਕੱਠੀਆਂ ਕਰਕੇ ਰੱਖ ਲਈਆਂ ਜਾਂਦੀਆਂ ਸੀ।


ਡੀਐਸਪੀ ਵਰਿਆਮ ਸਿੰਘ ਤੇ ਥਾਣਾ ਮੁਖੀ ਭਿੰਦਰ ਸਿੰਘ ਨੇ ਉਕਤ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਸੁਖਜੀਤਪਾਲ ਸਿੰਘ ਉਰਫ ਸ਼ੈਂਕੀ ਵਾਸੀ ਘੁਲਾਲ, ਜੋਤੀ ਰਾਮ ਵਾਸੀ ਕਟਾਣੀ ਖੁਰਦ, ਹਰਪ੍ਰੀਤ ਕੌਰ ਅਤੇ ਕੁਲਵੰਤ ਸਿੰਘ ਉਰਫ ਕਾਂਤੀ ਵਾਸੀ ਕਟਾਣੀ ਵਜੋਂ ਹੋਈ ਹੈ, ਜਦਕਿ ਰਮਨਦੀਪ ਸਿੰਘ ਉਰਫ ਰਵੀ ਵਾਸੀ ਨੀਲੋਂ ਕਲਾਂ ਦੀ ਭਾਲ ਜਾਰੀ ਹੈ। 


ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਉਰਫ ਮਿੰਦੀ ਪੁੱਤਰ ਗੁਰਜੀਤ ਸਿੰਘ ਵਾਸੀ ਨੀਲੋਂ ਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਖੇਤਾਂ ’ਚ ਗੇੜਾ ਮਾਰਨ ਗਿਆ ਤਾਂ ਉੱਥੇ ਵੇਖਿਆ ਕਿ ਖੇਤਾਂ ’ਚ ਲੱਗੀ ਹੋਈ ਮੋਟਰ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ। 


ਉਸ ਨੇ ਆਪਣੇ ਤੌਰ ’ਤੇ ਜਦੋਂ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਮੋਟਰ ਰਮਨਦੀਪ ਸਿੰਘ ਉਰਫ ਰਵੀ ਤੇ ਸੁਖਜੀਤਪਾਲ ਸਿੰਘ ਉਰਫ ਸ਼ੈਂਕੀ ਵੱਲੋਂ ਚੋਰੀ ਕੀਤੀ ਗਈ ਹੈ ਜੋ ਪਹਿਲਾਂ ਵੀ ਚੋਰੀਆਂ ਕਰਨ ਦੇ ਆਦੀ ਹਨ। ਇਸ ਕੰਮ ਵਿੱਚ ਰਮਨਦੀਪ ਦੀ ਘਰਵਾਲੀ ਹਰਪ੍ਰੀਤ ਕੌਰ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ ਤੇ ਮੋਟਰਾਂ ਵਿਚੋਂ ਤਾਂਬਾ ਕੱਢ ਕੇ ਇਹ ਬਾਹਰ ਜੋਤੀ ਰਾਮ ਤੇ ਕੁਲਵੰਤ ਸਿੰਘ ਉਰਫ ਕਾਂਤੀ ਨੂੰ ਵੇਚਦੇ ਹਨ। 


ਪੁਲਿਸ ਨੇ ਇਸ ਇਤਲਾਹ ’ਤੇ ਗੌਰ ਕਰਦਿਆਂ ਜਦੋਂ ਰਮਨਦੀਪ ਦੇ ਘਰ ਛਾਪਾ ਮਾਰਿਆ ਤਾਂ ਉਸ ਦੇ ਘਰ ਦੀ ਰਸੋਈ ’ਚ ਬਣਾਈ ਹੋਈ ਸੁਰੰਗ ’ਚੋਂ ਵੱਡੀ ਗਿਣਤੀ ’ਚ ਚੋਰੀ ਕੀਤੀਆਂ ਕਈ ਮੋਟਰਾਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।