Ludhiana News: 'ਘੰਟੀ ਖੜਕਾਓ, ਚਿੱਟਾ ਪਾਓ', ਮੁਹੱਲਾ ਵਾਸੀਆਂ ਨੇ 3 ਨੌਜਵਾਨਾਂ ਨੂੰ ਜਾਲ ਵਿਛਾ ਕੇ ਫੜਿਆ, ਵੀਡੀਓ ਵਾਇਰਲ
ਮੁਹੱਲਾ ਵਾਸੀਆਂ ਨੇ ਬੁੱਧਵਾਰ ਨੂੰ ਦਿਨ-ਦਿਹਾੜੇ ਤਸਕਰਾਂ ਤੋਂ ਚਿੱਟਾ ਲੈਣ ਆਏ ਤਿੰਨ ਨੌਜਵਾਨਾਂ ਨੂੰ ਫੜ ਲਿਆ। ਇਸ ਤੋਂ ਬਾਅਦ ਫੋਨ ਉਪਰ ਚਿੱਟੇ ਦੀ ਡਲਿਵਰੀ ਦਾ ਖੁਲਾਸਾ ਹੋਇਆ। ਇਨ੍ਹਾਂ ਨੌਜਵਾਨਾਂ ਕੋਲੋਂ ਚਿੱਟਾ ਤੇ ਸਰਿੰਜ ਵੀ ਬਰਾਮਦ ਹੋਈ।
Ludhiana News: ਖੰਨਾ 'ਚ ਨਸ਼ੇ ਦਾ ਇਹ ਹਾਲ ਹੈ ਕਿ ਘੰਟੀ ਖੜਕਾਓ ਤੇ ਚਿੱਟਾ ਪਾਓ। ਫੋਨ ਉਪਰ ਹੀ ਚਿੱਟੇ ਦੀ ਡਲਿਵਰੀ ਹੋ ਰਹੀ ਹੈ। ਮੁਹੱਲਾ ਵਾਸੀਆਂ ਨੇ ਬੁੱਧਵਾਰ ਨੂੰ ਦਿਨ-ਦਿਹਾੜੇ ਤਸਕਰਾਂ ਤੋਂ ਚਿੱਟਾ ਲੈਣ ਆਏ ਤਿੰਨ ਨੌਜਵਾਨਾਂ ਨੂੰ ਫੜ ਲਿਆ। ਇਸ ਤੋਂ ਬਾਅਦ ਫੋਨ ਉਪਰ ਚਿੱਟੇ ਦੀ ਡਲਿਵਰੀ ਦਾ ਖੁਲਾਸਾ ਹੋਇਆ। ਇਨ੍ਹਾਂ ਨੌਜਵਾਨਾਂ ਕੋਲੋਂ ਚਿੱਟਾ ਤੇ ਸਰਿੰਜ ਵੀ ਬਰਾਮਦ ਹੋਈ।
ਹਾਸਲ ਜਾਣਕਾਰੀ ਮੁਤਾਬਕ ਲੋਕ ਤਿੰਨ ਦਿਨਾਂ ਤੋਂ ਪਹਿਰਾ ਲਾ ਰਹੇ ਸੀ। ਅੱਜ ਇਹ ਨੌਜਵਾਨ ਉਨ੍ਹਾਂ ਦੇ ਜਾਲ ਵਿੱਚ ਫਸੇ ਤੇ ਇਨ੍ਹਾਂ ਦੇ ਫੜੇ ਜਾਣ ਦੀ ਵੀਡੀਓ ਵੀ ਸਾਹਮਣੇ ਆਈ। ਵੀਡੀਓ 'ਚ ਚਿੱਟਾ ਲੈਣ ਵਾਲੇ ਨੌਜਵਾਨ ਖੁਦ ਖੁਲਾਸਾ ਕਰ ਰਹੇ ਹਨ ਕਿ ਚਿੱਟਾ ਫੋਨ 'ਤੇ ਆਮ ਮਿਲ ਜਾਂਦਾ ਹੈ। ਡਿਲੀਵਰੀ ਫੋਨ 'ਤੇ ਹੀ ਲੋਕੇਸ਼ਨ ਦੱਸ ਕੇ ਕੀਤੀ ਜਾਂਦੀ ਹੈ।
ਹਾਸਲ ਜਾਣਕਾਰੀ ਅਨੁਸਾਰ ਬਦਨਾਮ ਮੀਟ ਮਾਰਕੀਟ ਦੇ ਨਾਲ ਲੱਗਦੇ ਗੁਲਮੋਹਰ ਨਗਰ ਇਲਾਕੇ 'ਚ ਬਾਹਰਲੇ ਇਲਾਕਿਆਂ ਤੋਂ ਨੌਜਵਾਨ ਨਸ਼ਾ ਲੈਣ ਲਈ ਆਉਂਦੇ ਸਨ। ਇੱਥੋਂ ਨਸ਼ਾ ਲੈ ਕੇ ਜਾਂਦੇ ਸੀ। ਮੁਹੱਲਾ ਵਾਸੀਆਂ ਨੇ ਜਾਲ ਵਿਛਾਇਆ। ਤਿੰਨ ਦਿਨਾਂ ਤੋਂ ਪਹਿਰਾ ਦਿੱਤਾ ਜਾ ਰਿਹਾ ਸੀ। ਇਲਾਕਾ ਵਿੱਚ ਨਿਗਰਾਨੀ ਸੀ। ਇਸ ਤਹਿਤ ਬੁੱਧਵਾਰ ਦੁਪਹਿਰ ਤਿੰਨ ਨੌਜਵਾਨਾਂ ਨੂੰ ਫੜਿਆ ਗਿਆ।
ਮੁਹੱਲਾ ਵਾਸੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਦੇਖਦਿਆਂ ਖਾਲੀ ਪਲਾਟ ਵਿੱਚ ਚਿੱਟੇ ਦੀ ਲਿਫਾਫੀ ਸੁੱਟ ਦਿੱਤੀ, ਜਿਸ ਨੂੰ ਲੋਕਾਂ ਨੇ ਚੁੱਕਿਆ। ਇੱਕ ਨੌਜਵਾਨ ਦੀ ਜੇਬ ਵਿੱਚੋਂ ਸਰਿੰਜ ਮਿਲੀ ਜਿਸ ਨੇ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ ਤੇ ਇੱਥੇ ਚਿੱਟਾ ਲੈਣ ਆਏ ਸੀ। ਲੋਕਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ। ਸਪਲਾਈ ਕਰਨ ਵਾਲੇ ਸਮੱਗਲਰ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਨਸ਼ਾ ਲੈਣ ਆਏ ਇੱਕ ਨੌਜਵਾਨ ਨੂੰ ਦੁਬਾਰਾ ਤਸਕਰ ਨੂੰ ਫੋਨ ਕਰਕੇ 500 ਰੁਪਏ ਦਾ ਚਿੱਟਾ ਮੰਗਿਆ।
ਇਸ ਤੋਂ ਬਾਅਦ ਪੁਲਿਸ ਇਨ੍ਹਾਂ ਨੌਜਵਾਨਾਂ ਨੂੰ ਨਾਲ ਲੈ ਕੇ ਤਸਕਰਾਂ ਨੂੰ ਫੜਨ ਚਲੀ ਗਈ। ਪੁਲਿਸ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ। ਦੂਜੇ ਪਾਸੇ ਫੋਨ ਉਪਰ ਗੱਲਬਾਤ ਰਾਹੀਂ ਸਿਟੀ ਥਾਣਾ-2 ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਲ ਵਿਛਾਇਆ ਗਿਆ ਕਿਉਂਕਿ ਮੀਟ ਮਾਰਕੀਟ ਦਾ ਇਲਾਕਾ ਨਸ਼ਾ ਤਸਕਰੀ ਲਈ ਬਦਨਾਮ ਹੈ। ਇਸ ਖੇਤਰ ਵਿੱਚ ਆਉਣ ਵਾਲੇ ਬਾਹਰੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਦੀ ਸਿੱਟਾ ਨਿਕਲਿਆ ਕਿ ਲੋਕਾਂ ਨੇ ਤਿੰਨ ਨੌਜਵਾਨਾਂ ਨੂੰ ਫੜਿਆ। ਪੁਲਿਸ ਜਾਂਚ ਕਰ ਰਹੀ ਹੈ। ਜਿਨ੍ਹਾਂ ਤਸਕਰਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।