Ludhiana News: ਸਨਅਤੀ ਸ਼ਹਿਰ ਲੁਧਿਆਣਾ ਵਿੱਚ ਗੱਡੀਆਂ ਦੀ ਆਰਸੀ ਤੇ ਨਵੇਂ ਲਾਇਸੈਂਸ ਬਣਾਉਣ ਦਾ ਕੰਮ ਪਟੜੀ ਤੋਂ ਲਹਿ ਗਿਆ ਹੈ। ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬੇਸ਼ੱਕ ਪ੍ਰਸਾਸ਼ਨ ਦੀ ਮਾੜੀ ਕਾਰਗੁਜਾਰੀ ਕਰਕੇ ਆਰਸੀ ਤੇ ਨਵੇਂ ਲਾਇਸੈਂਸ ਨਹੀਂ ਬਣ ਰਹੇ ਪਰ ਪੁਲਿਸ ਆਮ ਲੋਕਾਂ ਨੂੰ ਕਾਗਜ਼ ਪੂਰੇ ਨਾ ਹੋਣ ਕਰਕੇ ਪ੍ਰੇਸ਼ਾਨ ਕਰ ਰਹੀ ਹੈ। ਇਸ ਕਰਕੇ ਲੋਕਾਂ ਵਿੱਚ ਰੋਸ ਹੈ।


 


ਹਾਸਲ ਜਾਣਕਾਰੀ ਮੁਤਾਬਕ ਪ੍ਰਿੰਟਿੰਗ ਨਾ ਹੋਣ ਕਾਰਨ ਆਰਸੀ ਤੇ ਨਵੇਂ ਲਾਇਸੈਂਸ ਦੀ ਪੈਂਡੈਸੀ 70 ਹਜ਼ਾਰ ਦੇ ਪਾਰ ਪੁੱਜ ਚੁੱਕੀ ਹੈ। ਲੋਕ ਰੋਜ਼ਾਨਾ ਆਰਟੀਏ ਦਫ਼ਤਰ ਪੁੱਜ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਮਿਲ ਰਿਹਾ। ਆਰਸੀ ਤੇ ਲਾਇਸੈਂਸ ਦੇ ਹੈੱਡ ਆਫਿਸ ’ਚ ਪ੍ਰਿਟਿੰਗ ਨਾ ਹੋਣ ਕਾਰਨ ਲੋਕਾਂ ਨੂੰ ਕਾਗਜ਼ਾਤ ਨਹੀਂ ਮਿਲ ਪਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਵਾਹਨ ਚਲਾਉਣ ’ਚ ਤਾਂ ਮੁਸ਼ਕਲ ਹੈ ਹੀ, ਨਾਲ ਹੀ ਨਾਲ ਪੁਲਿਸ ਵੀ ਥਾਂ-ਥਾਂ ਰੋਕ ਰਹੀ ਹੈ ਤੇ ਕਈ ਲੋਕਾਂ ਦੇ ਤਾਂ ਚਲਾਨ ਵੀ ਹੋ ਚੁੱਕੇ ਹਨ। 



ਅਹਿਮ ਗੱਲ ਹੈ ਕਿ ਸਾਲ ਅੰਦਰ ਦੂਸਰੀ ਵਾਰ ਆਰਸੀ ਤੇ ਲਾਇਸੈਂਸ ਦੀ ਪ੍ਰਿਟਿੰਗ ਦਾ ਕੰਮ ਰੁਕਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਲੋਕਾਂ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਸੀ। ਉਸ ਸਮੇਂ ਵੀ ਅਧਿਕਾਰੀਆਂ ਵੱਲੋਂ ਚਿਪ ਦੀ ਕਮੀ ਹੋਣ ਦੀ ਗੱਲ ਕਹੀ ਗਈ ਸੀ। ਹਾਸਲ ਜਾਣਕਾਰੀ ਅਨੁਸਾਰ ਪੰਜਾਬ ’ਚ ਪਿਛਲੇ 10 ਦਿਨਾਂ ਤੋਂ ਹੀ ਪ੍ਰਿੰਟਿੰਗ ਦੀ ਮੁਸ਼ਕਲ ਆ ਰਹੀ ਹੈ ਤੇ ਪੈਡੈਂਸੀ ਵੀ 70 ਹਜ਼ਾਰ ਦੇ ਪਾਰ ਹੋ ਚੁੱਕੀ ਹੈ।



ਲੋਕਾਂ ਕੋਲ ਕਾਗਜ਼ਾਤ ਨਾ ਹੋਣ ਕਾਰਨ ਪੁਲਿਸ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਬਾਅਦ ਚੰਡੀਗੜ੍ਹ ’ਚ ਐਸਟੀਸੀ ਤੇ ਟਰੈਫਿਕ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ’ਚ ਫੈਸਲਾ ਲਿਆ ਗਿਆ ਕਿ ‘‘ਡਿਜੀ ਲਾਕਰ’ ਵਿੱਚ ਆਰਸੀ ਤੇ ਲਾਇਸੈਂਸ ਨੂੰ ਮਾਨਤਾ ਪ੍ਰਾਪਤ ਹੈ ਤਾਂ ਕਿ ਵਾਹਨ ਚਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਪ੍ਰਿੰਟਿੰਗ ’ਚ ਹੋ ਰਹੀ ਦੇਰੀ ਦੇ ਚੱਲਦੇ ਇਸ ਸਬੰਧੀ ਮੀਟਿੰਗ ਕੀਤੀ ਗਈ ਸੀ। 



ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਰਟ ਚਿਪ ਕੰਪਨੀ ਨੂੰ ਚਿਪ ਮੰਗਵਾ ਕੇ ਜਲਦੀ ਤੋਂ ਜਲਦੀ ਪੈਂਡੈਸੀ ਦੂਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਦੇਰੀ ਕਰਨ ’ਤੇ ਕੰਪਨੀ ਨੂੰ ਜੁਰਮਾਨਾ ਵੀ ਲਾਇਆ ਜਾਵੇਗਾ। ਡਿਜੀ ਲਾਕਰ ’ਚ ਡਾਕੂਮੈਂਟ ਨੂੰ ਟਰੈਫਿਕ ਪੁਲੀਸ ਵੱਲੋਂ ਵੈਲਿਡ ਮੰਨਿਆ ਜਾਵੇਗਾ। ਕਰੀਬ 10 ਦਿਨਾਂ ਤੋਂ ਇਹ ਪ੍ਰੇਸ਼ਾਨੀ ਆਈ ਹੈ। ਦਰਅਸਲ ਐਗਰੀਮੈਂਟ ਅਨੁਸਾਰ ਜਦੋਂ ਕੰਪਨੀ ਨੂੰ ਫਾਈਲ ਤਿਆਰ ਕਰਕੇ ਦਿੱਤੀ ਜਾਂਦੀ ਹੈ ਤਾਂ 3 ਦਿਨਾਂ ’ਚ ਪ੍ਰਿੰਟ ਕਰਕੇ ਡਿਸਪੈਚ ਕਰਨਾ ਹੁੰਦਾ ਹੈ, ਨਹੀਂ ਤਾਂ ਜੁਰਮਾਨਾ ਲਾਇਆ ਜਾਂਦਾ ਹੈ।