Ludhiana News: ਸੀਆਈਏ ਸਟਾਫ ਸਰਹਿੰਦ ਵੱਲੋਂ ਪੰਜਾਬ, ਹਰਿਆਣਾ ਤੇ ਯੂਪੀ ਵਿੱਚ ਅਸਲਾ ਸਪਲਾਈ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਨਜਾਇਜ਼ ਅਸਲਾ ਸਪਲਾਈ ਕਰਨ ਵਾਲਾ ਇਹ ਗਰੋਹ ਉੱਤਰ ਪ੍ਰਦੇਸ਼ ਤੋਂ ਅਸਲਾ ਖ਼ਰੀਦ ਕੇ ਗੈਂਗਸਟਰਾਂ ਤੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ।
ਐਸਐਸਪੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਾਜਾਇਜ਼ ਅਸਲੇ ਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸੀਆਈਏ ਸਟਾਫ ਸਰਹਿੰਦ ਵੱਲੋਂ ਦਿੱਲੀ ਤੇ ਹਰਿਆਣਾ, ਉੱਤਰ ਪ੍ਰਦੇਸ਼ ਨਾਲ ਸਬੰਧਤ ਇੰਟਰ ਸਟੇਟ ਅਸਲਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 5 ਪਿਸਟਲ (4 ਪਿਸਟਲ .32 ਬੋਰ, 01 ਪਿਸਟਲ 30 ਬੋਰ), 8 ਮੈਗਜ਼ੀਨ ਸਮੇਤ 6 ਜਿੰਦਾ ਰੋਂਦ ਤੇ ਇੱਕ ਅਲਟੋ ਗੱਡੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਤੇਜ ਸਿੰਘ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਹੋਇਆ ਸੀ ਤੇ ਇਹ ਜ਼ੇਲ੍ਹ ਵਿੱਚ ਬੈਠ ਕੇ ਗੈਂਗਸਟਰਾਂ ਤੇ ਮਾੜੇ ਅਨਸਰਾਂ ਦੇ ਸੰਪਰਕ ਵਿੱਚ ਸੀ। ਇਹ ਜੇਲ੍ਹ ਤੋਂ ਜਮਾਨਤ ਤੇ ਬਾਹਰ ਆ ਕੇ ਗਰੋਹ ਦੇ ਸਾਥੀਆਂ ਸਮੇਤ ਪੰਜਾਬ ਤੇ ਹਰਿਆਣਾ ਦੇ ਐਕਟਿਵ ਗੈਂਗਸਟਰਾਂ ਨੂੰ ਨਾਜਾਇਜ਼ ਅਸਲਾ ਸਪਲਾਈ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਸੀਆਈਏ ਸਰਹੰਦ ਪੁਲਿਸ ਟੀਮ ਨੇ ਅਸਲਾ ਤਸਕਰ ਨੂੰ ਚਾਵਲਾ ਚੌਂਕ ਜੀਟੀ ਰੋਡ ਸਰਹੰਦ ਤੋਂ ਗੁਰਤੇਜ ਸਿੰਘ ਉਰਫ ਸੰਧੂ ਵਾਸੀ ਬਰੇਲੀ (ਉੱਤਰ ਪ੍ਰਦੇਸ਼) ਹਾਲ ਆਬਾਦ ਸੁਭਾਸ਼ ਨਗਰ ਨਵੀ ਦਿੱਲੀ ਤੇ ਦਿਲਾਵਰ ਸਿੰਘ ਉਰਫ ਡਾਗਰ ਵਾਸੀ ਜ਼ਿਲ੍ਹਾ ਪੰਚਕੁਲਾ ਹਰਿਆਣਾ ਨੂੰ ਅਲਟੋ ਗੱਡੀ ਵਿੱਚ ਸਰਹੰਦ ਵਿਖੇ ਡਿਲਿਵਰੀ ਦੇਣ ਆਉਣ ਸਮੇਂ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਪਾਸੋਂ ਦੋ ਪਿਸਟਲ ਬਰਾਮਦ ਕੀਤੇ ਗਏ।
ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਸ਼ੇਰ ਸਿੰਘ ਉਰਫ ਸ਼ੇਰਾ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਤੇ ਉਸ ਦੀ ਨਿਸ਼ਾਨਦੇਹੀ ਤੇ ਕਾਲਕਾ ਹਰਿਆਣਾ ਦੇ ਜਗ੍ਹਾ ਤੋਂ ਲੁਕਾ ਛੁਪਾ ਕੇ ਰੱਖਿਆ ਪਿਸਟਲ .32 ਬੋਰ ਸਮੇਤ 1 ਮੈਗਜ਼ੀਨ ਬਰਾਮਦ ਕੀਤਾ। ਦਿਲਾਵਰ ਸਿੰਘ ਉਰਫ ਡਾਗਰ ਪਾਸੋਂ ਉਸ ਦੀ ਨਿਸ਼ਾਨਦੇਹੀ ਤੇ ਉਸ ਦੇ ਪਿੰਡ ਨੰਗਲਾ ਕੰਡਿਆਲਾ ਥਾਣਾ ਕਾਲਕਾ ਜ਼ਿਲ੍ਹਾ ਪੰਚਕੁਲਾ ਹਰਿਆਣਾ ਤੋਂ 2 ਪਿਸਟਲ .32 ਬੋਰ ਸਮੇਤ 3 ਮੈਗਜ਼ੀਨ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਤਿੰਨੇ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ, ਜਿਨ੍ਹਾਂ ਤੇ ਪਹਿਲਾ ਵੀ ਮੁੱਕਦਮੇ ਦਰਜ ਹਨ।