Ludhiana News : ਲੁਧਿਆਣਾ ਦੇ ਡੇਹਲੋਂ ਸਥਿਤ ਗੁੱਜਰਵਾਲ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਜਗਜੀਵਨ ਸਿੰਘ ਉਰਫ਼ ਬੱਬੂ ਵਾਸੀ ਗੁੱਜਰਵਾਲ ਅਤੇ ਮਨਿੰਦਰ ਸਿੰਘ ਮਨੀ ਵਾਸੀ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਵੱਖ-ਵੱਖ ਬਾਈਕ 'ਤੇ ਸਵਾਰ ਸਨ। ਸੜਕ 'ਤੇ ਇਕ ਤੇਜ਼ ਰਫ਼ਤਾਰ ਟਰਾਲਾ ਆ ਰਿਹਾ ਸੀ। ਅਜਿਹੇ 'ਚ ਡਰਾਈਵਰ ਟਰਾਲੇ ਦਾ ਸੰਤੁਲਨ ਗੁਆ ​​ਬੈਠਾ ਅਤੇ ਦੋਵਾਂ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਐਂਬੂਲੈਂਸ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।


ਇਹ ਵੀ ਪੜ੍ਹੋ : ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ , IPS ਅਧਿਕਾਰੀ ਨਾਲ ਲੈਣਗੇ ਲਾਵਾਂ

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ। ਟਰਾਲੇ ਨੇ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਦੋਵੇਂ ਨੌਜਵਾਨ ਬਾਈਕ ਸਮੇਤ ਕਾਫੀ ਦੂਰ ਜਾ ਡਿੱਗੇ। ਦੋਵਾਂ ਨੌਜਵਾਨਾਂ ਦੇ ਸਿਰ ਸੜਕ 'ਤੇ ਵੱਜੇ, ਜਿਸ ਤੋਂ ਬਾਅਦ ਦੋਵੇਂ ਬੁਰੀ ਤਰ੍ਹਾਂ ਕੁਚਲੇ ਗਏ। ਲੋਕਾਂ ਨੇ ਮੌਕੇ 'ਤੇ ਐਂਬੂਲੈਂਸ ਬੁਲਾਈ। ਜ਼ਖਮੀਆਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਐਂਬੂਲੈਂਸ 'ਚ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਥਾਣਾ ਡੇਹਲੋਂ ਦੀ ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


 


ਦੱਸ ਦੇਈਏ ਕਿ ਇਸ ਤੋਂ ਇਲਾਵਾ ਮੋਗਾ ਦੇ ਦੋ ਨੌਜਵਾਨ ਮੋਗਾ ਰੋਡ ਤੋਂ ਬਾਈਕ 'ਤੇ ਆ ਰਹੇ ਸਨ ਕਿ ਜੀ.ਟੀ ਰੋਡ 'ਤੇ ਪ੍ਰਦੇਸੀ ਢਾਬੇ ਦੇ ਬਾਹਰ ਖੜ੍ਹੇ ਟਰੱਕ ਨਾਲ ਉਨ੍ਹਾਂ ਦੀ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਪਛਾਣ ਰਾਜੂ ਅਤੇ ਹੀਰਾ ਵਜੋਂ ਹੋਈ ਹੈ। ਦੋਵੇਂ ਨੌਜਵਾਨ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਹਨ। ਡਾਕਟਰਾਂ ਅਨੁਸਾਰ ਰਾਜੂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।