Ludhiana News: ਲੁਧਿਆਣਾ 'ਚ ਦੇਰ ਰਾਤ ਇੱਕ ਮਹਿਲਾ ਵੱਲੋਂ ਪੁਲਿਸ ਨਾਲ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਮਹਿਲਾ ਨੇ ਚੌਕੀ ਇੰਚਾਰਜ ਨੂੰ ਥੱਪੜ ਮਾਰਿਆ ਤੇ ਗਾਲੀ ਗਲੋਚ ਕੀਤਾ ਤੇ ਵਰਦੀ ਪਾੜ ਦਿੱਤੀ। ਉੱਥੇ ਹੀ ਮਹਿਲਾ ਦਾ ਕਹਿਣਾ ਹੈ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ ਜੀਐਨਈ ਕਾਲਜ ਨਜ਼ਦੀਕ ਦੀ ਹੈ। ਪੁਲੀਸ ਚੌਕੀ ਮਰਾਡੋ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਥਾਂ ਛਾਪਾ ਮਾਰ ਕੇ ਵਾਪਸ ਆ ਰਹੇ ਸਨ। ਰਸਤੇ ਵਿੱਚ ਕੁਝ ਲੋਕ ਆਪਸ ਵਿੱਚ ਬਹਿਸ ਕਰ ਰਹੇ ਸਨ। ਉਨ੍ਹਾਂ ਦੇ ਨਾਲ ਇੱਕ ਔਰਤ ਮੌਜੂਦ ਸੀ। ਇਸ ਕਰਕੇ ਉਹ ਰੁਕ ਗਿਆ ਅਤੇ ਗੱਲ ਪੁੱਛਣ ਲੱਗਾ। ਇਸ ਦੌਰਾਨ ਆਪਸ ਵਿੱਚ ਬਹਿਸ ਕਰ ਰਹੇ ਲੋਕਾਂ ਵਿੱਚੋਂ ਇੱਕ ਮਹਿਲਾ ਨੇ ਉਨ੍ਹਾਂ ਨਾਲ ਗਲਤ ਸ਼ਬਦਾਬਲੀ ਇਸਤੇਮਾਲ ਕੀਤੀ।

ਉਨ੍ਹਾਂ ਨੇ ਉਸ ਮਹਿਲਾ ਨੂੰ ਕਾਫ਼ੀ ਸਮਝਾਇਆ ਪਰ ਉਹ ਨਾ ਮੰਨੀ। ਚੌਕੀ ਇੰਚਾਰਜ ਮੁਤਾਬਕ ਔਰਤ ਨੇ ਉਸ ਦੀ ਗੱਲ 'ਤੇ ਥੱਪੜ ਮਾਰਿਆ। ਜਦੋਂ ਗੱਲ ਹੱਦ ਤੋਂ ਵੱਧ ਗਈ ਤਾਂ ਉਨ੍ਹਾਂ ਨੇ ਔਰਤ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਮੁਤਾਬਕ ਔਰਤ ਨੇ ਉਸ ਦੀ ਵਰਦੀ ਵੀ ਪਾੜ ਦਿੱਤੀ। ਇਸ ਤੋਂ ਬਾਅਦ ਔਰਤ ਪੂਜਾ ਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


 ਇਹ ਵੀ ਪੜ੍ਹੋ : ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ ਦਾ ਹੱਥ ਵੱਢ ਸੁੱਟਿਆ, ਅੱਖਾਂ ਨੋਚੀਆਂ

ਦੂਜੇ ਪਾਸੇ ਮਹਿਲਾ ਦੇ ਸਾਥੀਆਂ ਅੰਕਿਤ ਅਤੇ ਸੰਦੀਪ ਨੇ ਦੱਸਿਆ ਕਿ ਉਹ ਇਕੱਠੇ ਜਨਮਦਿਨ ਪਾਰਟੀ ਕਰ ਰਹੇ ਸਨ। ਇਸ ਦੌਰਾਨ ਉਥੇ ਕੁਝ ਲੋਕ ਸ਼ਰੇਆਮ ਸ਼ਰਾਬ ਪੀ ਰਹੇ ਸਨ। ਇਸ ਕਾਰਨ ਉਹ ਲੋਕ ਵੀ ਇੱਕ ਪਾਸੇ ਸ਼ਰਾਬ ਪੀਣ ਲੱਗ ਪਏ। ਉਨ੍ਹਾਂ ਨੇ ਸੋਚਿਆ ਸ਼ਾਇਦ ਰੈਸਟੋਰੈਂਟ ਦੇ ਮਾਲਕ ਕੋਲ ਪਰਮਿਟ ਹੈ। ਉਨ੍ਹਾਂ ਨੇ ਚੌਕੀ ਇੰਚਾਰਜ ’ਤੇ ਮਹਿਲਾ ਨੂੰ ਕਾਰ ਦੇ ਪਿੱਛੇ ਲਿਜਾ ਕੇ ਕੁੱਟਮਾਰ ਕਰਨ ਦਾ ਆਰੋਪ ਲਾਇਆ ਹੈ।

ਸਾਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਔਰਤ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਪੁਲੀਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਚੌਕੀ ਇੰਚਾਰਜ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਤੋਂ ਬਿਨਾਂ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਗ੍ਰਿਫ਼ਤਾਰ ਕਿਵੇਂ ਕੀਤਾ?