Ludhiana News: ਲੁਧਿਆਣਾ ਵਿੱਚ ਜ਼ਹਿਰੀਲੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਲਗਾਤਾਰ ਪੈ ਰਹੀ ਜ਼ਹਿਰੀਲੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਖਾਸ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਦਿਹਾਤੀ ਖੇਤਰਾਂ ਵਿੱਚ ਵਿਜ਼ੀਬਿਲਟੀ 5 ਮੀਟਰ ਅਤੇ ਸ਼ਹਿਰ ਵਿੱਚ 50 ਮੀਟਰ ਤੱਕ ਸੀ। ਸੰਘਣੀ ਧੁੰਦ ਕਾਰਨ ਆਵਾਜਾਈ ਵੀ ਬਹੁਤ ਹੌਲੀ ਚੱਲ ਰਹੀ ਹੈ। ਦਿਨ ਵੇਲੇ ਵੀ ਡਰਾਈਵਰਾਂ ਨੂੰ ਹੈੱਡਲਾਈਟਾਂ ਜਗਾ ਕੇ ਗੱਡੀ ਚਲਾਉਣੀ ਪੈਂਦੀ ਹੈ। ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਵਿਗੜ ਗਿਆ ਹੈ। ਬੀਤੀ ਰਾਤ AQI 400 ਨੂੰ ਪਾਰ ਕਰ ਗਿਆ ਸੀ।
ਹੰਬੜਾ ਰੋਡ 'ਤੇ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੜਕ ’ਤੇ ਨਾ ਤਾਂ ਟ੍ਰੈਫਿਕ ਦੀ ਵਾਈਟ ਲਾਈਨ ਲੱਗੀ ਹੋਈ ਹੈ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਰਿਫਲੈਕਟਰ ਲਗਾਇਆ ਗਿਆ ਹੈ। ਰਿਫਲੈਕਟਰ ਨਾ ਲਗਾਏ ਜਾਣ ਕਰਕੇ ਹੰਬੜਾ ਰੋਡ ’ਤੇ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਰਾਤ ਵੇਲੇ ਹੰਬੜਾ ਰੋਡ ’ਤੇ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ। ਕਿਸੇ ਵੀ ਚੌਕ ’ਤੇ ਟ੍ਰੈਫਿਕ ਪੁਲਿਸ ਤਾਇਨਾਤ ਨਹੀਂ ਹੈ।
ਪੀਏਯੂ ਦੇ ਮੌਸਮ ਵਿਗਿਆਨੀ ਡਾ.ਪੀ.ਕੇ. ਕਿੰਗਰਾ ਨੇ ਦਿੱਤੀ ਆਹ ਸਲਾਹ
ਪੀਏਯੂ ਦੇ ਮੌਸਮ ਵਿਗਿਆਨੀ ਡਾ.ਪੀ.ਕੇ.ਕਿੰਗਰਾ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਾਰਨ ਧੁੰਦ ਵਰਗੀ ਸਥਿਤੀ ਬਣੀ ਰਹੇਗੀ। ਵਧਦੇ ਧੂੰਏਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ੁੱਕਰਵਾਰ ਨੂੰ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਜ਼ਹਿਰੀਲੇ ਧੂੰਏ ਕਾਰਨ ਸਾਹ ਲੈਣ ਵਿੱਚ ਹੋਰ ਵੀ ਦਿੱਕਤ ਆ ਰਹੀ ਹੈ। ਇਹ ਧੁੰਦ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਨੁਕਸਾਨਦੇਹ ਹੈ। ਲਗਾਤਾਰ ਧੂੰਏਂ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਗਲੇ ਵਿੱਚ ਇਨਫੈਕਸ਼ਨ ਲਗਾਤਾਰ ਵੱਧ ਰਹੀ ਹੈ। ਹਸਪਤਾਲਾਂ ਵਿੱਚ ਜ਼ਿਆਦਾਤਰ 50 ਸਾਲ ਤੋਂ ਵੱਧ ਉਮਰ ਦੇ ਮਰੀਜ਼ ਆ ਰਹੇ ਹਨ।
ਘਰਾਂ ਦੇ ਅੰਦਰ ਵੀ ਦਮ ਘੁਟਣ ਵਰਗਾ ਹੋ ਰਿਹਾ ਮਹਿਸੂਸ
ਜ਼ਹਿਰੀਲੇ ਧੂੰਏਂ ਦਾ ਅਸਰ ਇਸ ਹੱਦ ਤੱਕ ਫੈਲ ਗਿਆ ਹੈ ਕਿ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਘੁਟਣ ਮਹਿਸੂਸ ਕਰ ਰਹੇ ਹਨ। ਬੀਤੀ ਰਾਤ ਲੁਧਿਆਣਾ ਦਾ ਤਾਪਮਾਨ ਜ਼ਿਆਦਾਤਰ 21 ਡਿਗਰੀ ਰਿਹਾ। ਪਰਾਲੀ ਸਾੜਨ ਕਰਕੇ ਮਾਹੌਲ ਬੁਰੀ ਤਰ੍ਹਾਂ ਵਿਗੜ ਗਿਆ ਹੈ। ਮਾਹਿਰਾਂ ਅਨੁਸਾਰ ਜਦੋਂ ਤੱਕ ਮੀਂਹ ਨਹੀਂ ਪੈਂਦਾ ਜਾਂ ਹਵਾਵਾਂ ਨਹੀਂ ਚੱਲਦੀਆਂ, ਧੂੰਆਂ ਅਜਿਹਾ ਹੀ ਬਣਿਆ ਰਹੇਗਾ। ਧੂੰਏਂ ਦੀ ਸਮੱਸਿਆ ਜ਼ਿਆਦਾਤਰ ਦੀਵਾਲੀ ਤੋਂ ਬਾਅਦ ਸ਼ੁਰੂ ਹੁੰਦੀ ਹੈ।
ਡਾਕਟਰਾਂ ਦੀ ਲੋਕਾਂ ਨੂੰ ਸਲਾਹ
ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਾਓ।
ਸਾਹ ਦੇ ਰੋਗੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
ਬਜ਼ੁਰਗ ਲੋਕਾਂ ਨੂੰ ਫਲੂ ਅਤੇ ਨਮੂਨੀਆ ਦੇ ਵਿਰੁੱਧ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਐਨਕਾਂ ਜ਼ਰੂਰ ਪਾਓ।
ਪ੍ਰਦੂਸ਼ਣ ਨਾਲ ਕਿਵੇਂ ਨਜਿੱਠਣਾ ਹੈ
ਪਰਾਲੀ ਸਾੜਨ ਅਤੇ ਪਟਾਕੇ ਵਜਾਉਣ ਦੀ ਸਖ਼ਤ ਮਨਾਹੀ ਹੋਣੀ ਚਾਹੀਦੀ ਹੈ।
ਡੀਜ਼ਲ ਵਾਹਨਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।
ਫੈਕਟਰੀ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਨੂੰ ਫਿਲਟਰ ਕੀਤਾ ਜਾਣਾ ਚਾਹੀਦਾ ਹੈ।
ਕੂੜੇ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ।