Ludhiana News: ਨਗਰ ਨਿਗਮ ਲੁਧਿਆਣਾ ਦੀ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਕਰੀਬ ਸਵਾ ਸਾਲ ਤੋਂ ਲੁਧਿਆਣਾ ਦੀ ਨਵੀਂ ਵਾਰਡਬੰਦੀ ਦਾ ਕੰਮ ਚੱਲ ਰਿਹਾ ਸੀ, ਜੋ ਪਿਛਲੇ ਮਹੀਨੇ ਪੂਰਾ ਹੋਣ ਤੋਂ ਬਾਅਦ ਰਿਪੋਰਟ ਸਰਕਾਰ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਸੀ। ਹੁਣ ਸਰਕਾਰ ਨੇ ਇਸ ’ਤੇ ਸਹਿਮਤੀ ਪ੍ਰਗਟਾਉਂਦੇ ਹੋਏ ਨਵੀਂ ਵਾਰਡਵੰਦੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਸ਼ਹਿਰ ਦੀ ਨਵੀਂ ਵਾਰਡਬੰਦੀ ਦਾ ਨਕਸ਼ਾ ਨਗਰ ਨਿਗਮ ਨੇ 4 ਅਗਸਤ ਨੂੰ ਲਾਇਆ ਸੀ, ਜਿਸ ਵਿੱਚ 95 ਵਾਰਡਾਂ ਵਿੱਚੋਂ 48 ਮਹਿਲਾਵਾਂ ਲਈ ਰਾਖਵੇਂ, 47 ਪੁਰਸ਼ਾਂ ਲਈ, 14 ਅਨੁਸੂਚਿਤ ਜਾਤੀ ਤੇ 2 ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਰੱਖੇ ਹਨ। ਇਸ ਲਈ ਨਗਰ ਨਿਗਮ ਨੇ ਲੋਕਾਂ ਨੂੰ ਇਤਰਾਜ਼ ਦੇਣ ਦੇ ਲਈ 7 ਦਿਨਾਂ ਦਾ ਸਮਾਂ ਦਿੱਤਾ ਸੀ, ਜਿਸ ’ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਤਰਾਜ਼ ਵੀ ਆਏ ਸਨ, ਪਰ ਸਰਕਾਰ ਨੇ ਇਤਰਾਜ਼ਾਂ ਨੂੰ ਖਾਰਜ ਕਰਕੇ ਨਵੀਂ ਵਾਰਡਬੰਦੀ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਦੱਸ ਦਈਏ ਕਿ ਨਗਰ ਨਿਗਮ ਲੁਧਿਆਣਾ ਵਿੱਚ 95 ਵਾਰਡ ਹਨ, ਜਿਨ੍ਹਾਂ ਵਿੱਚੋਂ 48 ਵਾਰਡ ਔਰਤਾਂ ਤੇ 47 ਵਾਰਡ ਪੁਰਸ਼ਾਂ ਲਈ ਹਨ। ਇਨ੍ਹਾਂ ਵਿੱਚ ਵੀ 14 ਵਾਰਡ ਅਨੁਸੂਚਿਤ ਜਾਤੀ (ਜਿਨ੍ਹਾਂ ਵਿੱਚੋਂ 7 ਮਹਿਲਾਵਾਂ ਲਈ ਰਾਖਵੇਂ) ਤੇ 2 ਵਾਰਡਾਂ ਨੂੰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂ (ਜਿਨ੍ਹਾਂ ਵਿੱਚੋਂ 1 ਵਾਰਡ ਮਹਿਲਾ ਲਈ ਰਾਖਵਾਂ) ਕੀਤਾ ਗਿਆ ਹੈ। ਨਗਰ ਨਿਗਮ ਲੁਧਿਆਣਾ ਵਿੱਚ ਪਹਿਲਾਂ ਵੀ ਵਾਰਡਾਂ ਦੀ ਗਿਣਤੀ 95 ਹੀ ਸੀ।
ਦੱਸ ਦਈਏ ਕਿ ਨਵੀਂ ਵਾਰਡਬੰਦੀ ਵਿੱਚ ਸਮਾਜ ਸੇਵਾ ਸੰਘ ਨੇ ਵਾਰਡਾਂ ਦੇ ਰਾਖਵੇਂਕਰਨ ਦੇ ਮੁੱਦੇ ’ਤੇ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ, ਜਿਸ ’ਤੇ 9 ਨਵੰਬਰ ਨੂੰ ਸੁਣਵਾਈ ਹੋਣੀ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।
ਦੂਜੇ ਪਾਸੇ ਨਗਰ ਨਿਗਮ ਲੁਧਿਆਣਾ ਲਈ 15 ਨਵੰਬਰ ਤੱਕ ਚੋਣਾਂ ਕਰਵਾਉਣ ਦੇ ਨੋਟੀਫਿਕੇਸ਼ਨ ਮਗਰੋਂ ਪ੍ਰਸ਼ਾਸਨ ਨੇ ਤਿਆਰੀ ਵਿੱਢ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਪ੍ਰਸ਼ਾਸਨ ਨੇ 16 ਅਕਤੂਬਰ ਤੋਂ ਨਵੀਂ ਵੋਟਰ ਸੂਚੀ ਬਣਾਉਣ ਦਾ ਕੰਮ ਸ਼ੁਰੂ ਕਰਨ ਦੀ ਗੱਲ ਆਖੀ ਹੈ।
ਇਸ ਤਹਿਤ 16 ਅਕਤੂਬਰ ਤੱਕ ਪ੍ਰਸ਼ਾਸਨ ਨਵੀਂ ਵੋਟਰ ਸੂਚੀ ਤਿਆਰ ਕਰੇਗਾ। 17 ਅਕਤੂਬਰ ਨੂੰ ਇਸ ਦਾ ਪਬਲਿਕੇਸ਼ਨ ਕੀਤਾ ਜਾਏਗਾ, 20 ਅਕਤੂਬਰ ਤੱਕ ਇਤਰਾਜ਼ ਲਏ ਜਾਣਗੇ, 25 ਅਕਤੂਬਰ ਨੂੰ ਇਤਰਾਜ਼ਾਂ ’ਤੇ ਫੈਸਲਾ ਦਿੱਤਾ ਜਾਏਗਾ ਤੇ 29 ਅਕਤੂਬਰ ਤੱਕ ਨਵੀਂ ਵੋਟਰ ਲਿਸਟ ਜਾਰੀ ਕਰ ਦਿੱਤੀ ਜਾਵੇਗੀ।