Patiala News: ਪੰਚਾਇਤੀ ਚੋਣਾਂ ਅੰਦਰ ਵਿਰੋਧੀ ਧਿਰਾਂ ਤਾਂ ਛੱਡੋ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਨਸੀਹਤ ਨੂੰ ਕੋਈ ਤਵੱਜੋਂ ਨਹੀਂ ਦਿੱਤੀ। ਸੀਐਮ ਮਾਨ ਨੇ ਸਿਆਸੀ ਪਾਰਟੀਆਂ ਨੂੰ ਪੰਚਾਇਤੀ ਚੋਣਾਂ ਤੋਂ ਦੂਰ ਰਹਿਣ ਲਈ ਕਿਹਾ ਸੀ ਪਰ ਇਸ ਵਾਰ ਤਾਂ ਪਹਿਲਾਂ ਨਾਲੋਂ ਵੀ ਵੱਧ ਖੂਨੀ ਖੇਡ ਖੇਡੀ ਗਈ। ਵੋਟਿੰਗ ਤੋਂ ਪਹਿਲਾਂ ਹੀ ਕਈ ਥਾਈਂ ਗੋਲੀਆਂ ਚੱਲ਼ਣ, ਵਿਰੋਧੀਆਂ ਦੇ ਕਾਗਜ਼ ਪਾੜਨ ਤੇ ਨਾਮਜ਼ਦਗੀਆਂ ਰੱਦ ਕਰਾਉਣ ਦੀਆਂ ਰਿਪੋਰਟਾਂ ਆਈਆਂ ਹਨ।



ਉਧਰ, ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਪੰਚਾਇਤੀ ਚੋਣਾਂ ਵਿੱਚ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਪੰਜਾਬ ਰਾਜ ਚੋਣ ਅਧਿਕਾਰੀ ਤੇ ਭਾਰਤ ਦੇ ਚੋਣ ਕਮਿਸ਼ਨ ਤੋਂ ਜ਼ਿੰਮੇਵਾਰ ਅਧਿਕਾਰੀਆਂ ਤੇ ਸੱਤਾਧਾਰੀ ਧਿਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਕਾਂਗਰਸ ਵੱਲੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। 


ਇਹ ਵੀ ਪੜ੍ਹੋ: ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਸ਼ਿਕੰਜਾ! ਪੰਜਾਬ ਪੁਲਿਸ ਨੂੰ ਸੌਂਪੀ ਕਮਾਨ, ਐਕਸ਼ਨ ਮੋਡ 'ਚ 8000 ਮੁਲਾਜ਼ਮ


ਡਾ. ਗਾਂਧੀ ਨੇ ਕਿਹਾ ਕਿ ਨਾਮਜ਼ਦਗੀਆਂ ਭਰਨ ਆਏ ਉਮੀਦਵਾਰਾਂ ਦੇ ਕਾਗ਼ਜ਼ ਪਾੜੇ ਗਏ ਤੇ ਬਿਨਾਂ ਕਾਰਨ ਹੀ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਵਾਏ ਗਏ। ਡਰਾ-ਧਮਕਾ ਕੇ ਚੋਣ ਲੜਨ ਤੋਂ ਰੋਕਿਆ ਜਾ ਰਿਹਾ ਹੈ। ਇਹ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਕਿਹਾ ਕਿ ਉਹ ਭੁਨਰਹੇੜੀ ਤੇ ਸਨੌਰ ਬਲਾਕ ਦੇ ਬੀਡੀਓ ਦਫ਼ਤਰ ਦਾ ਦੌਰਾ ਕਰਨ ਗਏ ਸਨ। ਉੱਥੇ ਸਿੱਧੇ ਤੌਰ ’ਤੇ ਵਿਰੋਧੀਆਂ ਨੂੰ ਦਬਾਇਆ ਜਾ ਰਿਹਾ ਹੈ। 



ਡਾ. ਗਾਂਧੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਜਾਂ ਤਾਂ ਲੋਕਤੰਤਰ ਦਾ ਘਾਣ ਕਰ ਰਹੀ ਚੋਣ ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ ਜਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸਨੌਰ ਹਲਕੇ ਦੇ ਇੰਚਾਰਜ ਹੈਰੀਮਾਨ ਨੇ ਕਿਹਾ ਕਿ ਚੋਣ ਲੜਨ ਦੇ ਚਾਹਵਾਨਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਤੇ ਚੋਣ ਲੜਨ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


ਇਹ ਵੀ ਪੜ੍ਹੋ: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ


ਦਰਅਸਲ ਪੰਚਾਇਤੀ ਚੋਣਾਂ ’ਚ ਕੁੱਦੇ ਉਮੀਦਵਾਰਾਂ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਐਤਕੀਂ ਪਹਿਲੀ ਵਾਰ ਪੰਚਾਇਤ ਚੋਣਾਂ ਵਿਚ ਤਿੰਨ ਸਿਆਸੀ ਧਿਰਾਂ ਸਰਗਰਮ ਹਨ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਆਪਣੀ ਹਕੂਮਤ ਦੌਰਾਨ ਪੰਚਾਇਤ ਚੋਣਾਂ ਲੜਨ ਦਾ ਮੌਕਾ ਮਿਲਿਆ ਹੈ। ਭਾਵੇਂਕਿ ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਸਕਣਗੇ, ਪਰ ‘ਆਪ’, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪੰਚਾਇਤ ਚੋਣਾਂ ਵਿੱਚ ਪੂਰਾ ਤਾਣ ਲਾ ਰਿਹਾ ਹੈ। 



ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ 13,229 ਪੰਚਾਇਤਾਂ ਲਈ ਸਰਪੰਚੀ ਦੇ ਅਹੁਦੇ ਲਈ 52,825 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ ਜਦਕਿ ਸਾਲ 2018 ਦੀਆਂ ਪੰਚਾਇਤੀ ਚੋਣਾਂ ਮੌਕੇ ਸਰਪੰਚੀ ਦੇ ਅਹੁਦੇ ਲਈ 49,261 ਉਮੀਦਵਾਰ ਸਾਹਮਣੇ ਆਏ ਸਨ। ਇਸੇ ਤਰ੍ਹਾਂ ਆਖਰੀ ਦਿਨ ਤੱਕ ਪੰਚ ਦੇ ਅਹੁਦੇ ਲਈ 1,66,338 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ ਜਦਕਿ ਸਾਲ 2018 ਵਿੱਚ 1,65,453 ਉੁਮੀਦਵਾਰ ਮੈਦਾਨ ਵਿਚ ਆਏ ਸਨ। ਸਰਪੰਚੀ ਤੇ ਪੰਚੀ ਵਾਸਤੇ ਉਮੀਦਵਾਰ ਇਸ ਵਾਰ ਜ਼ਿਆਦਾ ਪੱਬਾਂ ਭਾਰ ਨਜ਼ਰ ਆ ਰਹੇ ਹਨ।