Patiala News :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਦੇ ਨਵੇਂ ਬਣੇ ਅਤਿ-ਆਧੁਨਿਕ ਬੱਸ ਸਟੈਂਡ (Patiala New bus stand) ਦਾ ਉਦਘਾਟਨ ਕੀਤਾ ਹੈ। ਨਵਾਂ ਬੱਸ ਸਟੈਂਡ ਪਟਿਆਲਾ -ਰਾਜਪੁਰਾ ਮੇਨ ਰੋਡ 'ਤੇ ਬਣਿਆ ਹੈ, ਜਿਸ ਵਿੱਚ ਸਵਾਰੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਬੱਸ ਸਟੈਂਡ ਦੇ ਬਣਨ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਿਹਤ ਮੰਤਰੀ ਡਾ: ਬਲਬੀਰ ਸਿੰਘ ਤੇ ਹੋਰ ਵਿਧਾਇਕ ਤੇ ਆਗੂ ਮੌਜੂਦ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੰਮੇ ਸਮੇਂ ਬਾਅਦ ਵਿਕਾਸ ਕਾਰਜ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ। ਅੱਜ ਲੱਗਦਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੀ ਪ੍ਰਚਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਹਰ ਦਿਨ ਇੱਕ ਨਾ ਇੱਕ ਨਵੀਂ ਸਕੀਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਸਰਕਾਰ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛ ਕੇ ਉਨ੍ਹਾਂ ਦਾ ਹੱਲ ਕਰ ਰਹੀ ਹੈ। ਲੋਕ ਕਹਿ ਰਹੇ ਹਨ ਕਿ 20 ਸਾਲਾਂ ਬਾਅਦ ਜੀਰੀ ਦੀ ਪਨੀਰੀ ਨਹਿਰੀ ਪਾਣੀ ਨਾਲ ਲਾਈ ਜਾ ਰਹੀ ਹੈ। ਸਾਫ ਨੀਅਤ ਕਾਰਨ ਹੀ ਸਭ ਕੁਝ ਹੋ ਰਿਹਾ ਹੈ।

 ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ…








ਸੀਐਮ ਮਾਨ ਨੇ ਦੱਸਿਆ ਕਿ ਇਸ ਬੱਸ ਸਟੈਂਡ ਵਿੱਚ 45 ਕਾਊਂਟਰ ਹਨ ਤੇ ਇੱਥੋਂ 1500 ਬੱਸਾਂ ਰਵਾਨਾ ਹੋਣਗੀਆਂ। ਅਪਾਹਜ ਲੋਕਾਂ ਲਈ ਚਾਰ ਲਿਫਟਾਂ, ਰੈਂਪ ਤੇ ਪੌੜੀਆਂ ਹਨ। ਇਸ ਬੱਸ ਅੱਡੇ 'ਤੇ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ। ਮਾਨ ਨੇ ਕਿਹਾ ਕਿ ਪੁਰਾਣਾ ਬੱਸ ਸਟੈਂਡ ਵੀ ਬਣਿਆ ਰਹੇਗਾ ਤੇ ਹੁਣ ਨਵਾਂ ਵੀ ਚਾਲੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਕਰੀਬ 60 ਕਰੋੜ ਰੁਪਏ ਖਰਚ ਕੀਤੇ ਗਏ ਹਨ ਤੇ 8.25 ਏਕੜ ਜ਼ਮੀਨ ਹੈ। ਬੱਸ ਸਟੈਂਡ ਦੇ ਚਾਲੂ ਹੋਣ 'ਤੇ ਆਉਣ ਵਾਲੀਆਂ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ।

ਬੱਸ ਡਰਾਈਵਰਾਂ ਤੇ ਕੰਡਕਟਰਾਂ ਲਈ ਆਰਾਮ ਕਮਰਾ

ਸੀਐਮ ਮਾਨ ਨੇ ਕਿਹਾ ਕਿ ਡਰਾਈਵਰ-ਕੰਡਕਟਰਾਂ ਲਈ ਵਿਸ਼ੇਸ਼ ਰੈਸਟ ਹਾਊਸ ਬਣਾਏ ਗਏ ਹਨ ਕਿਉਂਕਿ ਜ਼ਿਆਦਾ ਸੜਕ ਹਾਦਸੇ ਆਰਾਮ ਦੀ ਘਾਟ ਕਾਰਨ ਵਾਪਰਦੇ ਹਨ। ਇਸ ਕਾਰਨ ਉਨ੍ਹਾਂ ਦੇ ਆਰਾਮ ਅਤੇ ਭੋਜਨ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਬੱਸ ਸਟੈਂਡ ਵੀ ਬਣਾਏ ਜਾਣਗੇ। ਜਲੰਧਰ 'ਚ ਬਿਜਲੀ ਦੇ ਬਿੱਲ, ਸਕੂਲ, ਮੁਹੱਲਾ ਕਲੀਨਿਕ ਅਤੇ ਸੜਕਾਂ ਅਤੇ ਪੂਲ, ਕਾਰੋਬਾਰ ਵਧਾਉਣ ਅਤੇ ਕਿਸਾਨਾਂ ਦੀ ਗੱਲ ਕਰਨ ਵਾਲਿਆਂ ਨੂੰ ਵੋਟ ਪਈ ਹੈ। ਜਿਨ੍ਹਾਂ ਪਾਰਟੀਆਂ ਨੂੰ ਵੋਟਾਂ ਨਹੀਂ ਮਿਲੀਆਂ, ਉਨ੍ਹਾਂ ਨੇ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗੀਆਂ ਹਨ। ਜਦਕਿ 'ਆਪ' ਨੇ ਪੰਜਾਬ ਅਤੇ ਵਿਕਾਸ ਲਈ ਵੋਟ ਪਾਉਣ ਲਈ ਕਿਹਾ ਸੀ। ਮਾਨ ਨੇ ਕਿਹਾ ਕਿ ਉਹ ਲਗਾਤਾਰ ਉਤਸ਼ਾਹ ਨਾਲ ਕੰਮ ਕਰ ਰਹੇ ਹਨ।