Punjab Politics: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਗੜ੍ਹ ਪਟਿਆਲਾ ਵਿੱਚ ਕਾਂਗਰਸ ਲਈ ਲੋਕ ਸਭਾ ਚੋਣਾਂ ਦਾ ਰਾਹ ਆਸਾਨ ਨਹੀਂ ਹੈ। ਪਾਰਟੀ ਹਾਈਕਮਾਂਡ ਨੂੰ ਉਮੀਦ ਸੀ ਕਿ ‘ਆਪ’ ਦੇ ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਦੇ ਆਉਣ ਨਾਲ ਪਾਰਟੀ ਦਾ ਆਧਾਰ ਮਜ਼ਬੂਤ ਹੋਵੇਗਾ, ਪਰ ਕਾਂਗਰਸ ਅੰਦਰ ਹੀ ਉਨ੍ਹਾਂ ਦੀ ਬਗਾਵਤ ਸ਼ੁਰੂ ਹੋ ਗਈ। ਪਾਰਟੀ ਧੜਿਆਂ ਵਿੱਚ ਵੰਡਣ ਲੱਗੀ ਹੈ।
ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ 2019 ਵਿੱਚ ਡਾ: ਗਾਂਧੀ ਕਾਰਨ ਕਾਂਗਰਸੀ ਆਗੂਆਂ 'ਤੇ ਕੇਸ ਦਰਜ ਹੋਏ ਸਨ, ਇਸ ਗੱਲ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਟਕਸਾਲੀ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ ਜੇ ਕਿਸੇ ਬਾਹਰੀ ਪੈਰਾਸ਼ੂਟਿਸਟ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੁਝ ਨਵਾਂ ਰਾਹ ਦੇਖਣਾ ਪਵੇਗਾ।
ਪਟਿਆਲਾ ਹਲਕੇ ਦੇ ਸੀਨੀਅਰ ਆਗੂ ਹਰਦਿਆਲ ਕੰਬੋਜ ਦਾ ਕਹਿਣਾ ਹੈ ਕਿ ਅਜੇ ਤੱਕ ਪਾਰਟੀ ਵੱਲੋਂ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਸਬੰਧੀ ਸਕਰੀਨਿੰਗ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਗਾਂਧੀ ਨੂੰ ਟਿਕਟ ਮਿਲਦੀ ਹੈ ਤਾਂ ਅੱਠ ਵਿਧਾਨ ਸਭਾ ਹਲਕਿਆਂ ਦੇ ਆਗੂ ਇਕੱਠੇ ਹੋ ਕੇ ਰਣਨੀਤੀ ਬਣਾਉਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਟਕਸਾਲੀ ਆਗੂਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਸੀਨੀਅਰ ਆਗੂ ਲਾਲ ਸਿੰਘ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਕਾਂਗਰਸੀ ਆਗੂ ਅਮਿਤ ਬਾਵਾ ਨੇ ਪਟਿਆਲਾ ਤੋਂ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਹੈ। ਜੇ ਪਾਰਟੀ ਕਿਸੇ ਬਾਹਰੀ ਵਿਅਕਤੀ ਨੂੰ ਟਿਕਟ ਦਿੰਦੀ ਹੈ ਤਾਂ ਨਵੇਂ ਸਿਰੇ ਤੋਂ ਵਿਚਾਰ ਚਰਚਾ ਕੀਤੀ ਜਾਵੇਗੀ।
ਕੈਪਟਨ ਤੋਂ ਬਾਅਦ ਕਾਂਗਰਸ ਦੇ ਨਹੀਂ ਲੱਗੇ ਪੈਰ !
ਦਰਅਸਲ, ਪਟਿਆਲਾ ਸ਼ੁਰੂ ਤੋਂ ਹੀ ਕਾਂਗਰਸ ਲਈ ਬਹੁਤ ਅਹਿਮ ਰਿਹਾ ਹੈ। ਕਿਉਂਕਿ 2 ਦਹਾਕਿਆਂ ਤੋਂ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਦੀ ਪਛਾਣ ਬਣੀ ਹੋਈ ਸੀ, ਪਰ ਜਿਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਿਹਾ ਉਸ ਨਾਲ ਕਾਂਗਰਸ ਵਿਚ ਫੁੱਟ ਪੈ ਗਈ। ਕੁਝ ਲੋਕ ਕੈਪਟਨ ਦੇ ਨਾਲ ਰਹੇ ਜਦਕਿ ਕਈ ਵਰਕਰ ਤੇ ਸਮਰਥਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਹੁਣ ਪਟਿਆਲਾ ਤੋਂ ਸੰਸਦ ਮੈਂਬਰ ਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।