ਫ਼ਸਲ ਦੀ ਖਰੀਦ ਸਮੇਂ ਸਿਰ ਹੋ ਰਹੀ, ਭੁਗਤਾਨ ਵੀ 48 ਘੰਟੇ 'ਚ ਹੋ ਰਿਹਾ, ਮੰਡੀਆਂ ਦੇ ਦੌਰੇ ਮਗਰੋਂ ਖੇਤੀਬਾੜੀ ਮੰਤਰੀ ਧਾਲੀਵਾਲ ਦਾ ਦਾਅਵਾ
ਮੰਤਰੀ ਨੇ ਕਿਸਾਨ ਦੀ ਫ਼ਸਲ ਦੀ ਬੋਲੀ ਵੀ ਲਵਾਈ ਤੇ ਫ਼ਸਲ ਵਿਕਣ ਮਗਰੋਂ ਕਿਸਾਨ ਨੂੰ ਹਾਰ ਪਾਇਆ ਤੇ ਲੱਡੂ ਖਿਲਾ ਕੇ ਮੂੰਹ ਵੀ ਮਿੱਠਾ ਕੀਤਾ ਤੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ।
ਖੰਨਾ: ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੰਗਲਵਾਰ ਨੂੰ ਸੂਬੇ ਦੀਆਂ ਮੰਡੀਆਂ ਦੇ ਦੌਰੇ 'ਤੇ ਨਿਕਲੇ। ਧਾਲੀਵਾਲ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਵੀ ਕੀਤਾ। ਇੱਥੇ ਮੰਤਰੀ ਨੇ ਕਿਸਾਨ ਦੀ ਫ਼ਸਲ ਦੀ ਬੋਲੀ ਵੀ ਲਵਾਈ ਤੇ ਫ਼ਸਲ ਵਿਕਣ ਮਗਰੋਂ ਕਿਸਾਨ ਨੂੰ ਹਾਰ ਪਾਇਆ ਤੇ ਲੱਡੂ ਖਿਲਾ ਕੇ ਮੂੰਹ ਵੀ ਮਿੱਠਾ ਕੀਤਾ। ਉੱਥੇ ਹੀ ਦੂਜੇ ਪਾਸੇ ਮਜ਼ਦੂਰਾਂ ਨੇ ਮੰਤਰੀ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਤੇ ਮੰਗਾਂ ਪੂਰੀਆਂ ਨਾ ਹੋਣ 'ਤੇ 6 ਅਕਤੂਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿੱਚ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ। ਫ਼ਸਲ ਦੀ ਖਰੀਦ ਸਮੇਂ ਸਿਰ ਹੋ ਰਹੀ ਹੈ। ਭੁਗਤਾਨ ਵੀ 48 ਘੰਟੇ ਵਿੱਚ ਹੋ ਰਿਹਾ ਹੈ। ਪਰਾਲੀ ਦੇ ਮੁੱਦੇ ਉਪਰ ਧਾਲੀਵਾਲ ਨੇ ਕਿਹਾ ਕਿ ਵੱਧ ਤੋਂ ਵੱਧ ਮਸੀਨਰੀ ਵੰਡੀ ਗਈ ਹੈ। ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾਵੇ। ਉਗਰਾਹਾਂ ਗਰੁੱਪ ਵੱਲੋਂ ਪਰਾਲੀ ਸਾੜਨ ਦੇ ਐਲਾਨ ਉਪਰ ਮੰਤਰੀ ਨੇ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖਸ਼ਣ।
ਵਿਧਾਨ ਸਭਾ ਅੰਦਰ ਭਰੋਸਗੀ ਮਤੇ ਦੇ ਹੱਕ ਵਿੱਚ ਮਨਪ੍ਰੀਤ ਇਯਾਲੀ ਤੇ ਨਛੱਤਰ ਪਾਲ ਵੱਲੋਂ ਵੋਟ ਨਾ ਦੇਣ ਉਪਰ ਮੰਤਰੀ ਨੇ ਕਿਹਾ ਕਿ ਜੇਕਰ ਵੋਟ ਨਹੀਂ ਪਾਈ ਤਾਂ ਉਨ੍ਹਾਂ ਦਾ ਹੱਕ ਹੈ। ਕੋਈ ਗੱਲ ਨਹੀਂ। ਮਨੋਰੰਜਨ ਕਾਲੀਆ ਵੱਲੋਂ ਮਾਣਹਾਨੀ ਦੇ ਕੇਸ ਬਾਰੇ ਮੰਤਰੀ ਨੇ ਕਿਹਾ ਕਿ ਛੱਡੋ ਮਨੋਰੰਜਨ ਕਾਲੀਆ ਨੂੰ।
ਇਸ ਮੌਕੇ ਖੰਨਾ ਤੋਂ ਵਿਧਾਇਕ ਤਰੁਨ ਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੰਤਰੀ ਨੇ ਮੰਡੀ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਉਪਰ ਸੰਤੁਸ਼ਟੀ ਜਤਾਈ। ਮੰਤਰੀ ਕੋਲੋਂ ਮੰਗ ਕੀਤੀ ਗਈ ਹੈ ਕਿ ਮੰਡੀ ਅੰਦਰ ਜਗ੍ਹਾ ਦੀ ਘਾਟ ਹੈ ਜਿਸ ਨੂੰ ਪੂਰਾ ਕਰਨ ਦਾ ਭਰੋਸਾ ਮਿਲਿਆ। ਖੰਨਾ ਮੰਡੀ ਮਜ਼ਦੂਰ ਯੂਨੀਅਨ ਪ੍ਰਧਾਨ ਦਰਸ਼ਨ ਲਾਲ ਨੇ ਕਿਹਾ ਕਿ ਮੰਤਰੀ ਨੂੰ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮਜ਼ਦੂਰੀ ਨਹੀਂ ਵਧਾਈ ਜਾ ਰਹੀ। 6 ਤਾਰੀਕ ਦੀ ਮੀਟਿੰਗ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਸੂਬੇ ਭਰ ਦੀਆਂ ਮੰਡੀਆਂ ਬੰਦ ਕੀਤੀਆਂ ਜਾਣਗੀਆਂ।