ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਕਥਿਤ ਤੌਰ ’ਤੇ ਹਰਿਆਣਾ ਪੁਲਿਸ ਵੱਲੋਂ ਚੁੱਕ ਕੇ ਲਿਜਾਣ ਤੇ ਬੁਰੀ ਤਰਾਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤੇ ਜਾਣ ਦੀ ਘਟਨਾ ਵਾਪਰੀ ਸੀ। ਗੰਭੀਰ ਜ਼ਖ਼ਮੀ ਪ੍ਰਿਤਪਾਲ ਸਿੰਘ ਨੂੰ ਵੀਰਵਾਰ ਅਦਾਲਤ ਦੇ ਹੁਕਮਾਂ ’ਤੇ ਘਟਨਾ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਾਉਣ ਲਈ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਂਦਾ ਗਿਆ। 


ਡੀਐਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਟੀਮ ਵੱਲੋਂ ਪ੍ਰਿਤਪਾਲ ਸਿੰਘ ਨੂੰ ਉਸ ਦੇ ਪਿੰਡ ਨਵਾਂਗਾਓ ਤੋਂ ਸਵੇਰੇ ਕਰੀਬ ਸਾਢੇ ਨੌਂ ਵਜੇ ਖਨੌਰੀ ਬਾਰਡਰ ’ਤੇ ਲਿਆ ਕੇ ਘਟਨਾ ਸਥਾਨ ’ਤੇ ਲਿਜਾਇਆ ਗਿਆ ਜਿੱਥੇ ਲੋਕੇਸ਼ਨ ਚੈੱਕ ਕੀਤੀ ਗਈ। ਕਰੀਬ ਅੱਧੇ ਘੰਟੇ ਮਗਰੋਂ ਪ੍ਰਿਤਪਾਲ ਸਿੰਘ ਨੂੰ ਵਾਪਸ ਲਿਜਾਇਆ ਗਿਆ।


ਹਾਸਲ ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਦੇ ਪਿਤਾ ਦੇਵਿੰਦਰ ਸਿੰਘ ਵਾਸੀ ਨਵਾਂਗਾਓ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਖਲ ਪਟੀਸ਼ਨ ਵਿੱਚ ਕਿਹਾ ਹੈ ਕਿ ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਖਨੌਰੀ ਬਾਰਡਰ ਤੋਂ ਪੰਜਾਬ ਦੇ ਹੱਦ ਵਿੱਚ ਦਾਖਲ ਹੋ ਕੇ ਉਸ ਦੇ ਲੜਕੇ ਪ੍ਰਿਤਪਾਲ ਸਿੰਘ ਦੀ ਕੁੱਟਮਾਰ ਕੀਤੀ ਤੇ ਨਾਜਾਇਜ਼ ਤਰੀਕੇ ਨਾਲ ਹਿਰਾਸਤ ’ਚ ਲਿਆ ਸੀ। 


ਹਰਿਆਣਾ ਸਰਕਾਰ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਹਰਿਆਣਾ ਦੀ ਹੱਦ ਵਿਚ ਮੌਜੂਦ ਸੀ ਜੋ ਖੇਤ ਵਿੱਚ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ ਜਿਸ ਨੂੰ ਸਿਵਲ ਹਸਪਤਾਲ ਨਰਵਾਣਾ ’ਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਪਰਿਵਾਰ ਦੀ ਮੰਗ ’ਤੇ ਪੀਜੀਆਈ ਰੋਹਤਕ ਤੋਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ।


ਇਸ ਮਾਮਲੇ ’ਚ ਦੋ ਦਿਨ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਹਾਈ ਕੋਰਟ ਤੋਂ ਸਮਾਂ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਪੁਲਿਸ ਵਲੋਂ ਖਨੌਰੀ ਬਾਰਡਰ ’ਤੇ ਘਟਨਾ ਸਥਾਨ ਦੀ ਨਿਸ਼ਾਨਦੇਹੀ ਕਰਨੀ ਹੈ ਕਿ ਘਟਨਾ ਵਾਲੀ ਜਗ੍ਹਾ ਪੰਜਾਬ ਦੀ ਹੱਦ ਵਿਚ ਜਾਂ ਹਰਿਆਣਾ ਦੀ ਹੱਦ ਵਿੱਚ ਪੈਂਦੀ ਹੈ। 


ਅਦਾਲਤ ਨੇ ਪ੍ਰਿਤਪਾਲ ਸਿੰਘ ਨੂੰ ਨਿਸ਼ਾਨਦੇਹੀ ਲਈ ਘਟਨਾ ਸਥਾਨ ’ਤੇ ਲਿਜਾਣ ਦੇ ਆਦੇਸ਼ ਦਿੱਤੇ ਸਨ। ਭਾਕਿਯੂ ਸਿੱਧੂਪੁਰ ਦੇ ਆਗੂ ਬਲਦੇਵ ਸਿੰਘ ਸੰਦੋਹਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸੇ ਕਾਰਨ ਹੀ ਪ੍ਰਿਤਪਾਲ ਸਿੰਘ ਨੂੰ ਐਬੂਲੈਂਸ ਰਾਹੀਂ ਖਨੌਰੀ ਬਾਰਡਰ ’ਤੇ ਲਿਆਂਦਾ ਗਿਆ ਸੀ।


ਉਧਰ, ਪੰਜਾਬ ਪੁਲਿਸ ਵੱਲੋਂ ਥਾਣਾ ਪਾਤੜਾਂ ਵਿੱਚ ਪ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਹਰਿਆਣਾ ਪੁਲਿਸ ਦੇ 8/10 ਨਾਮਾਲੂਮ ਮੁਲਾਜ਼ਮਾਂ ਖ਼ਿਲਾਫ਼ ਜ਼ੇਰੇ ਦਫ਼ਾ 364, 365, 341, 323, 148,149 ਆਈਪੀਸੀ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪ੍ਰਿਤਪਾਲ ਨੇ ਬਿਆਨਾਂ ਵਿੱਚ ਹਰਿਆਣਾ ਵਿੱਚ ਲਿਜਾ ਕੇ ਬੇਰਹਿਮੀ ਨਾਲ ਹੋਈ ਕੁੱਟਮਾਰ ਦਾ ਵਿਸਥਾਰ ’ਚ ਜ਼ਿਕਰ ਕੀਤਾ ਗਿਆ ਹੈ।