Patiala News: ਪਟਿਆਲਾ ਵਿੱਚ ਅਜੇ ਵੀ ਹੜ੍ਹਾਂ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਵਿੱਚ ਅਜੇ ਵੀ ਹੜ੍ਹਾਂ ਦਾ ਪਾਣੀ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਚਲ ਤੇ ਪੰਜਾਬ ਵਿੱਚ ਬਾਰਸ਼ ਕਰਕੇ ਘੱਗਰ, ਮਾਰਕੰਡਾ ਤੇ ਟਾਂਗਰੀ ਨਦੀ ਵਿੱਚ ਅਜੇ ਵੀ ਪਾਣੀ ਦੀ ਪੱਧਰ ਵਧ-ਘਟ ਰਿਹਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਤਿੰਨ ਅਗਸਤ ਮਗਰੋਂ ਮੁੜ ਭਾਰੀ ਬਾਰਸ਼ ਹੋ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਨੇੜਲੇ ਵਿਧਾਨ ਸਭਾ ਹਲਕਾ ਸਨੌਰ ਵਿੱਚੋਂ ਲੰਘਦੀ ਮਾਰਕੰਡਾ ਨਦੀ ਤਿੰਨ ਦਿਨ ਖ਼ਤਰੇ ਦੇ ਨਿਸ਼ਾਨ (20 ਫੁੱਟ) ਤੋਂ ਵੀ ਉੱਪਰ ਵਗਦੀ ਰਹੀ, ਪਰ ਸ਼ਨਿੱਚਰਵਾਰ ਦੇਰ ਸ਼ਾਮ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਘਟਿਆ ਸੀ। ਉਧਰ, ਸਨੌਰ ਹਲਕੇ ਵਿਚੋਂ ਹੀ ਲੰਘਦੀ ਟਾਂਗਰੀ ਨਦੀ ਸ਼ਨੀਵਾਰ ਵੀ ਖ਼ਤਰੇ ਦੇ ਨਿਸ਼ਾਨ (12 ਫੁੱਟ) ’ਤੇ ਹੀ ਵਹਿ ਰਹੀ ਸੀ।
ਇਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਟਾਂਗਰੀ ਤੇ ਮਾਰਕੰਡਾ ਨਦੀਆਂ ’ਚ ਮੁੜ ਵਧੇ ਪਾਣੀ ਕਾਰਨ ਕਈ ਕਿਸਾਨਾਂ ਦੀ ਦੂਜੀ ਵਾਰ ਲਾਈ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਇਸ ਕਾਰਨ ਹੁਣ ਉਹ ਤੀਜੀ ਵਾਰ ਝੋਨਾ ਲਾਉਣ ਦੀ ਤਿਆਰੀ ’ਚ ਹਨ। ਇਸੇ ਦੌਰਾਨ ਡੀਸੀ ਸ਼ਾਕਸੀ ਸਾਹਨੀ ਨੇ ਦੱਸਿਆ ਕਿ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਮਾਰਗ ਦਾ ਕੁਝ ਹਿੱਸਾ ਪੂਰ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਟਾਂਗਰੀ ਨਦੀ ਵਿੱਚ ਵੀ ਪਏ ਹੋਏ ਪਾੜਾਂ ਵਿੱਚ ਇੱਕ ਨੂੰ ਪੂਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਜੁਲਾਈ ਦੇ ਪਹਿਲੇ ਹਫ਼ਤੇ ਜਦੋਂ ਟਾਂਗਰੀ ਨਦੀ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਉੱਤੇ ਵਹਿੰਦਾ ਰਿਹਾ, ਤਾਂ ਟਾਂਗਰੀ ’ਚ ਪੰਜਾਬ ਦੇ ਪਿੰਡ ਦੂਧਨਗੁੱਜਰਾਂ ਸਣੇ ਹਰਿਆਣਾ ਦੇ ਪਿੰਡ ਗੋਰਸ਼ੀਆਂ ਤੇ ਭੂਨੀ ਵਿੱਚ ਵੱਡੇ ਵੱਡੇ ਪਾੜ ਪੈ ਗਏ ਸਨ। ਇਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਸੀ। ਫਿਰ ਜਦੋਂ ਪਾਣੀ ਉੱਤਰ ਗਿਆ ਤਾਂ ਅਜੇ ਇਹ ਪਾੜ ਪੂਰਨ ਦੀ ਕਾਰਵਾਈ ਹੀ ਚੱਲ ਰਹੀ ਸੀ ਕਿ ਮੁੜ ਪਾਣੀ ਵਧ ਗਿਆ।
ਇਸ ਕਰਕੇ ਦੂਧਨਗੁੱਜਰਾਂ ਨੇੜੇ ਪਏ ਦੋ ਪਾੜਾਂ ਵਿੱਚੋਂ ਬਾਹਰ ਆ ਕੇ ਪਾਣੀ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡਾਂ ਦੂਧਨਗੁਜਰਾਂ, ਰੌਹੜ ਜਗੀਰ ਤੇ ਹਰੀਗੜ੍ਹ ਸਣੇ ਕਈ ਹੋਰ ਪਿੰਡਾਂ ਦੇ ਖੇਤਾਂ ’ਚ ਪਾਣੀ ਭਰ ਗਿਆ। ਇਸ ਕਾਰਨ ਦੁਬਾਰਾ ਲਾਏ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਕਈ ਕਿਸਾਨਾਂ ਦੀ ਤਾਂ ਦੂਰ-ਦੁਰਾਡੇ ਤੋਂ ਲਿਆ ਕੇ ਰੱਖੀ ਪਨੀਰੀ ਵੀ ਇਸ ਦੂਜੀ ਵਾਰ ਦੇ ਪਾਣੀ ’ਚ ਰੁੜ੍ਹ ਗਈ ਹੈ।