Patiala News: ਕਿਸਾਨ ਹੁਣ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਨਹੀਂ ਛੱਡਣਗੇ। ਬੇਸ਼ੱਕ ਸ਼ੁਰੂ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਤੋਂ ਕਬਜ਼ੇ ਛੁਡਵਾ ਲਏ ਸੀ ਪਰ ਹੁਣ ਇਸ ਮੁਹਿੰਮ ਨੂੰ ਬ੍ਰੇਕ ਲੱਗ ਗਈ ਹੈ। ਪੰਚਾਇਤੀ ਜ਼ਮੀਨਾਂ ਉੱਪਰ ਕਾਬਜ਼ਾ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਯੂਨੀਅਨਾਂ ਵੀ ਖੜ੍ਹ ਗਈਆਂ ਹਨ।
ਸੋਮਵਾਰ ਨੂੰ ਬਲਾਕ ਭੁਨਰਹੇੜੀ ਦੇ ਪਿੰਡ ਗਣੇਸ਼ਪੁਰ ਵਿੱਚ ਪੰਚਾਇਤ ਵਿਭਾਗ ਦੀ ਟੀਮ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਗਈ ਸੀ ਪਰ ਉਸ ਭਾਰਤੀ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਵਾਪਸ ਮੁੜਨਾ ਪਿਆ, ਜਦੋਂਕਿ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਸਹਾਇਤਾ ਨਾ ਮਿਲਣ ਕਰਕੇ ਕਬਜ਼ਾ ਲੈਣ ਦੀ ਕਾਰਵਾਈ ਪੂਰੀ ਨਹੀਂ ਹੋ ਸਕੀ।
ਹਾਸਲ ਜਾਣਕਾਰੀ ਅਨੁਸਾਰ ਪਿੰਡ ਗਣੇਸ਼ਪੁਰ ਵਿੱਚ 1950 ਤੋਂ ਪਿੰਡ ਦੇ ਕਈ ਕਿਸਾਨ ਪਿੰਡ ਦੀ 22 ਏਕੜ ਜ਼ਮੀਨ ’ਤੇ ਨਿਰਮਲ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਮੁਖਤਿਆਰ ਸਿੰਘ, ਬੂਟਾ ਰਾਮ, ਵਿਜੈ ਕੁਮਾਰ, ਪ੍ਰੇਮ ਚੰਦ, ਗਰਨੈਲ ਗਿਰ, ਗੁਰਨਾਮ ਗਿਰ ਕਾਬਜ਼ ਚੱਲੇ ਆ ਰਹੇ ਹਨ। ਇਸ ਜ਼ਮੀਨ ਦੀ 30 ਜੂਨ 1966 ਨੂੰ ਐਸਡੀਐਮ ਪਟਿਆਲਾ ਦੀ ਅਦਾਲਤ ਤੋਂ ਡਿਗਰੀ ਵੀ ਹੋ ਚੁੱਕੀ ਹੈ ਤੇ ਕੁਝ ਜ਼ਮੀਨ ਅੱਗੇ ਹੋਰ ਕਿਸੇ ਕਿਸਾਨ ਕੋਲ ਵਿਕ ਵੀ ਚੁੱਕੀ ਹੈ ਪਰ ਹੁਣ ਸਰਕਾਰ ਦੇ ਹੁਕਮਾਂ ’ਤੇ ਡੀਡੀਪੀਓ ਪਟਿਆਲਾ ਤੇ ਬੀਡੀਪਓ ਭੁਨਰਹੇੜੀ ਨੇ ਕਬਜ਼ਾ ਵਾਰੰਟ ਜਾਰੀ ਕੀਤੇ ਹਨ।
ਇਸ ਦੌਰਾਨ ਸੈਕਟਰੀ ਪੰਚਾਇਤ ਚਰਨਜੀਤ ਸਿੰਘ, ਕਾਨੂੰਨਗੋ ਰਾਜੀਵ ਮੋਹਨ, ਪਟਵਾਰੀ ਹਰਜੀਤ ਸਿੰਘ ਤੇ ਪਟਵਾਰੀ ਬੂਟਾ ਸਿੰਘ ਨੇ ਦੱਸਿਆ ਕਿ ਉਹ ਪਿੰਡ ਗਣੇਸ਼ਪੁਰ ਦੀ 22 ਏਕੜ ਪੰਚਾਇਤੀ ਜ਼ਮੀਨ ਦਾ ਪੰਚਾਇਤ ਵਿਭਾਗ ਵੱਲੋਂ ਕਬਜ਼ਾ ਵਾਰੰਟ ਲੈ ਕੇ ਆਏ ਸੀ ਪਰ ਕਿਸੇ ਕਾਰਨ ਪੁਲਿਸ ਦੀ ਮਦਦ ਨਾ ਮਿਲਣ ਕਾਰਨ ਅੱਜ ਕਬਜ਼ਾ ਨਹੀਂ ਲਿਆ ਜਾ ਸਕਿਆ। ਹੁਣ ਮੁੜ ਕਿਸੇ ਦਿਨ ਪੁਲੀਸ ਟੀਮ ਨਾਲ ਕਬਜ਼ਾ ਲਿਆ ਜਾਵੇਗਾ।
ਉਧਰ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਕਾਰਕੁਨ ਵੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਇੱਥੇ ਪੁੱਜੇ ਹੋਏ ਸੀ। ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਨੇ 1950 ਵਿੱਚ ਮਿਹਨਤ ਨਾਲ ਇਹ ਜ਼ਮੀਨਾਂ ਵਾਹੀਯੋਗ ਬਣਾਈਆਂ ਸਨ ਤੇ ਇਨ੍ਹਾਂ ਦੀਆਂ ਡਿਗਰੀਆਂ ਵੀ ਕਿਸਾਨਾਂ ਦੇ ਹੱਕ ਵਿੱਚ ਹੋ ਗਈਆ ਹਨ ਪਰ ਫਿਰ ਵੀ ਗਰੀਬ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਕਦਮ ਦਾ ਸਖਤ ਵਿਰੋਧ ਕਰਦੀ ਹੈ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਖੁੱਸਣ ਨਹੀਂ ਦੇਵੇਗੀ।