Patiala News: ਝੋਨੇ ਦੀ ਮਿੰਟੋ-ਮਿੰਟ ਖਰੀਦ ਦੇ ਦਾਅਵੇ ਪਸਤ, ਸਰਕਾਰੀ ਏਜੰਸੀਆਂ ਦੀ ਮੱਠੀ ਰਫਤਾਰ ਕਰਕੇ ਮੰਡੀਆਂ 'ਚ ਰੁਲਣ ਲੱਗੇ ਕਿਸਾਨ
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨਾ ਖਰੀਦਣ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਿਸਾਨ ਅਜੇ ਵੀ ਰੁਲ ਰਹੇ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਕਈ ਇਲਾਕਿਆਂ ਵਿੱਚ ਕੇਂਦਰੀ ਖਰੀਦ ਏਜੰਸੀ ਐਫਸੀਆਈ ਬੜੀ ਮੱਠੀ ਰਫਤਾਰ ਝੋਨੇ ਦੀ ਖਰੀਦ ਕਰ ਰਹੀ ਹੈ।
Patiala News: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨਾ ਖਰੀਦਣ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਿਸਾਨ ਅਜੇ ਵੀ ਰੁਲ ਰਹੇ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਕਈ ਇਲਾਕਿਆਂ ਵਿੱਚ ਕੇਂਦਰੀ ਖਰੀਦ ਏਜੰਸੀ ਐਫਸੀਆਈ ਬੜੀ ਮੱਠੀ ਰਫਤਾਰ ਝੋਨੇ ਦੀ ਖਰੀਦ ਕਰ ਰਹੀ ਹੈ। ਉਧਰੋਂ ਮੌਸਮ ਖਰਾਬ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।
ਹਾਸਲ ਜਾਣਕਾਰੀ ਮੁਤਾਬਕ ਰਾਜਪੁਰਾ ਤੇ ਘਨੌਰ ਮਾਰਕੀਟ ਕਮੇਟੀ ਅਧੀਨ ਆਉਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਕੇਂਦਰੀ ਖਰੀਦ ਏਜੰਸੀ ਐਫਸੀਆਈ ਵੱਲੋਂ ਇਸ ਖੇਤਰ ਦੀ ਕਿਸੇ ਵੀ ਮੰਡੀ ਵਿੱਚੋਂ ਇੱਕ ਕਿਲੋ ਵੀ ਝੋਨਾ ਨਹੀਂ ਖਰੀਦਿਆ ਗਿਆ ਜਦੋਂਕਿ ਰਾਜ ਦੀਆਂ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਮੰਡੀਆਂ ਵਿੱਚੋਂ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਅੰਦਰ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ।
ਹਾਸਲ ਜਾਣਕਾਰੀ ਅਨੁਸਾਰ ਰਾਜਪੁਰਾ ਦੀਆਂ ਮੰਡੀਆਂ ਵਿੱਚ ਸ਼ਨੀਵਾਰ ਸ਼ਾਮ ਤੱਕ ਤਿੰਨ ਲੱਖ 4 ਹਜ਼ਾਰ 410 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਇਸ ਹਫ਼ਤੇ ਦੌਰਾਨ ਕੇਵਲ 1 ਲੱਖ ਕੁਇੰਟਲ ਝੋਨੇ ਦੀ ਚੁਕਾਈ ਹੋ ਸਕੀ ਤੇ ਘਨੌਰ ਦੀਆਂ ਮੰਡੀਆਂ ਵਿੱਚ ਇੱਕ ਲੱਖ 150 ਕੁਇੰਟਲ ਆਮਦ ਹੋਏ ਝੋਨੇ ਵਿੱਚੋਂ ਅਜੇ ਤੱਕ ਕੇਵਲ 20 ਹਜ਼ਾਰ 860 ਕੁਇੰਟਲ ਦੀ ਚੁਕਾਈ ਹੀ ਹੋ ਸਕੀ।
ਲੋਹਸਿੰਬਲੀ ਤੇ ਮਰਦਾਂਪੁਰ ਸਮੇਤ ਕੁਝ ਅਨਾਜ ਖਰੀਦ ਕੇਂਦਰ ਅਜਿਹੇ ਵੀ ਹਨ ਜਿੱਥੋਂ ਅਜੇ ਤੱਕ ਝੋਨੇ ਦੀ ਇੱਕ ਬੋਰੀ ਦੀ ਵੀ ਚੁਕਾਈ ਨਹੀਂ ਹੋ ਸਕੀ। ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਮੰਡੀਆਂ ਵਿੱਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਮੰਡੀ ਦੇ ਪੱਕੇ ਫੜ੍ਹਾਂ ਤੇ ਥਾਂ ਨਾ ਮਿਲਣ ਕਾਰਨ ਮੰਡੀ ਤੋਂ ਬਾਹਰ ਬਦਲਵੀਂ ਥਾਂ ਤੇ ਝੋਨੇ ਦੀ ਢੇਰੀ ਲਾਉਣੀ ਪੈ ਰਹੀ ਹੈ।
ਇਸੇ ਦੌਰਾਨ ਘਨੌਰ ਦੇ ਅਨਾਜ ਖਰੀਦ ਕੇਂਦਰ ਸੀਲ ਤੇ ਜੰਡ ਮੰਗੌਲੀ ਸਮੇਤ ਹੋਰਨਾਂ ਕੁਝ ਅਨਾਜ ਖਰੀਦ ਕੇਂਦਰਾਂ ਵਿੱਚ ਮੰਡੀ ਦੇ ਮਜ਼ਦੂਰਾਂ ਵੱਲੋਂ ਆਰਜ਼ੀ ਤੌਰ ’ਤੇ ਉਸਾਰੇ ਗਏ ਪਖਾਨਿਆਂ ਦੀ ਘਾਟ ਹੋਣ ਕਾਰਨ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ ਗਿਆ।
ਇਸ ਦੌਰਾਨ ਮਾਰਕੀਟ ਕਮੇਟੀ ਰਾਜਪੁਰਾ ਤੇ ਘਨੌਰ ਦੇ ਸਕੱਤਰ ਅਸ਼ਵਨੀ ਕੁਮਾਰ ਮਹਿਤਾ ਤੇ ਨਿਊ ਗਰੇਨ ਮਾਰਕੀਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਦਾ ਕਹਿਣਾ ਹੈ ਕਿ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਵਿੱਚ ਦੇਰੀ ਦਾ ਮੁੱਖ ਕਾਰਨ ਗੱਡੀਆਂ ਨੂੰ ਆਨਲਾਈਨ ਗੇਟ ਪਾਸ ਦੇਣ ਵਿੱਚ ਤਕਨੀਕੀ ਮੁਸ਼ਕਲ ਸੀ ਜੋ ਹੁਣ ਦੂਰ ਕਰ ਦਿੱਤੀ ਗਈ ਹੈ। ਘਨੌਰ ਦੇ ਅਨਾਜ ਖਰੀਦ ਕੇਂਦਰਾਂ ਵਿੱਚ ਪਖਾਨਿਆਂ ਦੀ ਘਾਟ ਬਾਰੇ ਮਹਿਤਾ ਦਾ ਕਹਿਣਾ ਹੈ ਕਿ ਇਸ ਦਿੱਕਤ ਨੂੰ ਤੁਰੰਤ ਦੂਰ ਕੀਤਾ ਜਾਵੇਗਾ।