Patiala News: ਪਟਿਆਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਆਪਣੇ ਗੁਆਂਢ 'ਚ ਰਹਿੰਦੇ ਆਦਮੀ ਦੇ ਨਾਲ ਪਿਆਰ 'ਚ ਪੈ ਗਈ। ਔਰਤ ਦੇ ਆਪਣੇ ਗੁਆਂਢੀ ਨਾਲ ਨਾਜਾਇਜ਼ ਸਬੰਧ ਸਨ। ਅਜਿਹੇ 'ਚ ਔਰਤ ਦਾ ਪਤੀ ਦੋਵਾਂ ਵਿਚਾਲੇ ਕੰਡਾ ਬਣ ਗਿਆ। ਔਰਤ ਨੇ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਾਲਾਂਕਿ ਉਸ ਦੀ ਜਾਨ ਬਚ ਗਈ। ਇਸ ਦੇ ਨਾਲ ਹੀ ਪੁਲਿਸ ਨੇ ਦੋਸ਼ੀ ਔਰਤ ਅਤੇ ਉਸ ਦੇ ਪ੍ਰੇਮੀ ਸਮੇਤ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਘਟਨਾ ਪਟਿਆਲਾ ਦੇ ਪਿੰਡ ਮੰਜਾਲ ਦੀ ਹੈ। ਮਹਿਲਾ ਦੇ ਪ੍ਰੇਮੀ ਅਤੇ ਉਸ ਦੇ ਸਾਥੀ ਨੇ ਮਹਿਲਾ ਦੇ ਪਤੀ 'ਤੇ ਫਾਇਰਿੰਗ ਕੀਤੀ ਸੀ। ਜਾਨਲੇਵਾ ਹਮਲੇ ਦਾ ਮਾਮਲਾ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਮੁਲਜ਼ਮਾਂ ਵਿੱਚ ਜ਼ਖ਼ਮੀ ਬਲਜਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਉਰਫ ਗੱਗੀ, ਉਸ ਦਾ ਪ੍ਰੇਮੀ ਹਰਸਿਮਰਨਜੀਤ ਸਿੰਘ ਉਰਫ ਗੋਰਾ ਵਾਸੀ ਪਿੰਡ ਤੇਜਾ ਅਤੇ ਉਸ ਦਾ ਸਾਥੀ ਕਰਨ ਸਿੰਘ ਉਰਫ਼ ਨਿਖਿਲ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ ਸਮੇਤ ਛੇ ਕਾਰਤੂਸ, 315 ਬੋਰ ਦਾ ਇੱਕ ਪਿਸਤੌਲ ਚਾਰ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਐਸਐਸਪੀ ਨਾਨਕ ਸਿੰਘ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਨਪ੍ਰੀਤ ਕੌਰ ਦੇ ਆਪਣੇ ਗੁਆਂਢੀ ਹਰਸਿਮਰਨਜੀਤ ਸਿੰਘ ਨਾਲ ਸਬੰਧ ਸਨ। ਮਨਪ੍ਰੀਤ ਦਾ ਪਤੀ ਬਲਜਿੰਦਰ ਸਿੰਘ ਅਕਸਰ ਕੰਬਾਈਨਾਂ 'ਤੇ ਕੰਮ ਲਈ ਬਾਹਰ ਜਾਂਦਾ ਰਹਿੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਉਹ ਆਪਸ 'ਚ ਲੜਦੇ ਰਹਿੰਦੇ ਸਨ। ਬਲਜਿੰਦਰ ਸਿੰਘ ਅਕਸਰ ਆਪਣੀ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ। ਕੁਝ ਸਮਾਂ ਪਹਿਲਾਂ ਬਲਜਿੰਦਰ ਸਿੰਘ ਨੂੰ ਉਸ ਦੀ ਪਤਨੀ ਦੇ ਸਬੰਧਾਂ ਬਾਰੇ ਪਤਾ ਲੱਗਾ, ਜਿਸ ਦਾ ਉਸ ਨੇ ਵਿਰੋਧ ਕੀਤਾ।
ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ
ਬਲਜਿੰਦਰ ਸਿੰਘ ਨੂੰ ਰਸਤੇ ਤੋਂ ਹਟਾਉਣ ਲਈ ਪਤਨੀ ਮਨਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਮਨਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਅਤੇ ਸਾਥੀ ਕਰਨ ਸਿੰਘ ਨੂੰ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। 2 ਜਨਵਰੀ ਨੂੰ ਜਦੋਂ ਬਲਜਿੰਦਰ ਸਿੰਘ ਪਿੰਡ ਤੇਜਾ ਦੇ ਰਹਿਣ ਵਾਲੇ ਪਾਲਾ ਰਾਮ ਨਾਲ ਪਿੰਡ ਮੰਜਾਲ ਦੀ ਇੱਕ ਬਾਰ ਵਿੱਚ ਸ਼ਰਾਬ ਪੀਣ ਗਿਆ ਤਾਂ ਮੁਲਜ਼ਮ ਕਰਨ ਸਿੰਘ ਮੌਕੇ ’ਤੇ ਪਹੁੰਚ ਗਿਆ।
ਉਸ ਨੇ ਪਿਸਤੌਲ ਤੋਂ ਗੋਲੀ ਚਲਾਈ। ਗੋਲੀ ਬਲਜਿੰਦਰ ਸਿੰਘ ਦੀ ਗਰਦਨ ਦੇ ਪਿਛਲੇ ਪਾਸੇ ਲੱਗੀ, ਜਿਸ ਕਾਰਨ ਪਾਲਾ ਰਾਮ ਜ਼ਖ਼ਮੀ ਹੋ ਗਿਆ। ਇਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪਾਲਾ ਰਾਮ ਦੀਆਂ ਦੋਵੇਂ ਅੱਖਾਂ ਦੀ ਨਜ਼ਰ ਖਤਮ ਹੋ ਗਈ ਹੈ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ। ਬਲਜਿੰਦਰ ਸਿੰਘ ਨੂੰ ਇਲਾਜ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।