Patiala News: ਪਟਿਆਲਾ 'ਚ ਹੜ੍ਹਾਂ ਨੇ ਮਚਾਈ ਤਬਾਹੀ, 45,000 ਹੈਕਟੇਅਰ ਰਕਬੇ 'ਚ ਹੋਏਗੀ ਝੋਨੇ ਦੀ ਮੁੜ ਲੁਆਈ
ਸਭ ਤੋਂ ਵੱਡੀ ਮਾਰ ਕਿਸਾਨਾਂ ਨੂੰ ਪਈ ਹੈ। ਮੁੱਢਲੀ ਰਿਪੋਰਟ ਮੁਤਾਬਕ 45 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਮੁੜ ਕਰਨੀ ਪਏਗੀ। ਇਸ ਨਾਲ ਕਿਸਾਨਾਂ ਦਾ ਖਰਚ ਕਾਫੀ ਵਧ ਜਾਏਗਾ।
Patiala News: ਪਟਿਆਲਾ ਜ਼ਿਲ੍ਹੇ ਵਿੱਚ ਹੜ੍ਹਾਂ ਨੇ ਬੇਹੱਦ ਜ਼ਿਆਦਾ ਤਬਾਹੀ ਮਚਾਈ ਹੈ। ਸਭ ਤੋਂ ਵੱਡੀ ਮਾਰ ਕਿਸਾਨਾਂ ਨੂੰ ਪਈ ਹੈ। ਮੁੱਢਲੀ ਰਿਪੋਰਟ ਮੁਤਾਬਕ 45 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਮੁੜ ਕਰਨੀ ਪਏਗੀ। ਇਸ ਨਾਲ ਕਿਸਾਨਾਂ ਦਾ ਖਰਚ ਕਾਫੀ ਵਧ ਜਾਏਗਾ। ਇਸ ਤੋਂ ਇਲਾਵਾ ਝੋਨਾ ਲਾਉਣ ਲਈ ਪਨੀਰੀ ਦੀ ਕਿੱਲਤ ਵੀ ਵੱਡੀ ਸਮੱਸਿਆ ਬਣੀ ਹੋਈ ਹੈ।
ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਮਵਾਰ ਨੂੰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਹੜ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਯਤਨਾਂ ਦੀ ਸਮੀਖਿਆ ਸਮੇਤ ਜ਼ਿਲ੍ਹੇ ਨੂੰ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਾਉਣ ਲਈ ਵਿਆਪਕ ਰਣਨੀਤੀ ਘੜਨ ’ਤੇ ਧਿਆਨ ਕੇਂਦਰਤ ਕੀਤਾ ਗਿਆ।
ਭਾਵੇਂ ਮੁਕੰਮਲ ਰਿਪੋਰਟਾਂ ਬਾਕੀ ਹਨ, ਪਰ ਮੁਢਲੇ ਤੌਰ ’ਤੇ ਜ਼ਿਲ੍ਹੇ ਅੰਦਰ ਝੋਨੇ ਦੀ ਫਸਲ ਦਾ 45 ਹਜ਼ਾਰ ਹੈਕਟੇਅਰ ਰਕਬਾ ਤਾਂ ਅਜਿਹਾ ਪਾਇਆ ਗਿਆ ਹੈ, ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਮੁੜ ਲਗਾਉਣਾ ਪਵੇਗਾ। ਉਂਝ ਨੁਕਸਾਨ ਇਸ ਤੋਂ ਵੱਧ ਸਕਦਾ ਹੈ ਕਿਉਂਕਿ ਅਜੇ ਬਹੁਤ ਸਾਰੇ ਇਲਾਕਿਆਂ ਦਾ ਜਾਇਜ਼ਾ ਲੈਣਾ ਬਾਕੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਇਲਾਕਿਆਂ ਵਿੱਚ ਅੰਸ਼ਿਕ ਤੌਰ 'ਤੇ ਫਸਲ ਨੁਕਸਾਨੀ ਗਈ ਹੈ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਨਦੀਆਂ ਤੇ ਨਾਲ਼ਿਆਂ ਵਿੱਚ ਪਏ ਪਾੜ ਪੂਰਨ ਨੂੰ ਪਹਿਲ ਦੇਣ ਲਈ ਆਖਿਆ। ਸਾਰੇ ਐਸਡੀਐਮਜ਼ ਨੂੰ ਹਦਾਇਤ ਹੋਈ ਕਿ ਹੜ੍ਹਾਂ ਦੌਰਾਨ ਗਈਆਂ ਮਨੁੱਖੀ ਜਾਨਾਂ ਦੇ ਮਾਮਲੇ ’ਚ ਉਨ੍ਹਾਂ ਦੇ ਵਾਰਸਾਂ ਨੂੰ ਨਿਰਧਾਰਤ ਨਿਯਮਾਂ ਤਹਿਤ ਬਦਦੀ ਮੁਆਵਜ਼ਾ ਰਾਸ਼ੀ ਦੇਣ ਸਬੰਧੀ ਛੇਤੀ ਤੋਂ ਛੇਤੀ ਰਿਪੋਰਟ ਪੇਸ਼ ਕੀਤੀ ਜਾਵੇ। ਨੁਕਸਾਨੀਆਂ ਸੜਕਾਂ ਦੀ ਮੁਰੰਮਤ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਫੌਰੀ ਲੋੜ ’ਤੇ ਵੀ ਜ਼ੋਰ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।