Punjab News: ਜਿੱਥੇ ਅੱਜ ਪਾਲੀਟੀਸ਼ੀਅਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 50ਵੇਂ ਜਨਮਦਿਨ ਦੀਆਂ ਵਧਾਈਆਂ ਦਿੰਦੇ ਨਜ਼ਰ ਆਏ। ਉੱਥੇ ਪਟਿਆਲਾ ਦੀ ਐੱਮ ਪੀ ਪ੍ਰਨੀਤ ਕੌਰ ਸੀਐੱਮ ਸਾਬ੍ਹ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਏ। ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤੇ ਗਏ।
ਪੰਜਾਬ ਦਾ ਪੈਸਾ 'ਆਪ' ਪਾਰਟੀ ਅਤੇ ਇਸ਼ਤਿਹਾਰਾਂ 'ਚ ਨਾ ਵਰਤੋਂ
ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲਾਂ ਵੀ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਹ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਇੱਕ-ਇੱਕ ਪੈਸੇ ਦੀ ਭਰਪਾਈ ਕਰਨਗੇ ਅਤੇ ਸਾਨੂੰ ਉਮੀਦ ਸੀ ਕਿ ਉਹ ਅਜਿਹਾ ਕਰਨਗੇ। ਪਰ ਅੱਜ ਤੱਕ ਜ਼ਮੀਨੀ ਪੱਧਰ 'ਤੇ ਸਾਡੇ ਕਿਸਾਨਾਂ ਤੱਕ ਕੋਈ ਉਚਿਤ ਮੁਆਵਜ਼ਾ ਨਹੀਂ ਪਹੁੰਚਿਆ ਹੈ। ਪੰਜਾਬ ਦਾ ਇੰਨਾ ਪੈਸਾ ਆਪਣੀ ਪਾਰਟੀ ਦੇ ਇਸ਼ਤਿਹਾਰਾਂ 'ਤੇ ਖਰਚਣ ਦੀ ਬਜਾਏ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦਾ ਪੈਸਾ ਸਾਡੇ ਕਿਸਾਨਾਂ ਅਤੇ ਸਾਡੇ ਸ਼ਹੀਦਾਂ ਨੂੰ ਮੁਆਵਜ਼ਾ ਦੇਣ 'ਤੇ ਖਰਚ ਕਰਨ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪੰਜਾਬ ਦਾ ਪੈਸਾ ਹੈ ਤੇ ਪੰਜਾਬ ਦੇ ਲੋਕਾਂ ਉੱਤੇ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ ਨਾ ਕੇ ਆਪ ਪਾਰਟੀ ਦੇ ਇਸ਼ਤਿਹਾਰਾਂ ਉੱਤੇ।
SYL ਨੂੰ ਲੈ ਕੇ ਪ੍ਰਨੀਤ ਕੌਰ ਨੇ ਦਿੱਤਾ ਇਹ ਜਵਾਬ
ਐਸ.ਵਾਈ.ਐਲ ਮੁੱਦੇ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਪ੍ਰਨੀਤ ਕੌਰ ਨੇ ਕਿਹਾ, “ਐਸ.ਵਾਈ.ਐਲ ਮੁੱਦੇ ‘ਤੇ ਕੋਈ ਦੋਹਰਾਏ ਨਹੀਂ, ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਅਤੇ ਇਸ ਮੁੱਦੇ ‘ਤੇ ਸਾਡਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ ਕਿ ਪੰਜਾਬ ਕੋਲ ਦੂਜੇ ਰਾਜਾਂ ਨਾਲ ਸਾਂਝਾ ਕਰਨ ਲਈ ਇੱਕ ਬੂੰਦ ਵੀ ਨਹੀਂ ਹੈ।"
ਮਾਨ ਵੱਲੋਂ ਇੱਕ ਨਵੰਬਰ ਨੂੰ ਬਹਿਸ ਲਈ ਦਿੱਤਾ ਸੱਦਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਾਂ ਸਿਆਸੀ ਬਹਿਸ ਲਈ 1 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬਹਿਸ ਦੇ ਲਈ ਚੁਣੌਤੀ ਦਿੱਤੀ ਗਈ ਹੈ।
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਐਸਵਾਈਐਲ, ਚੰਡੀਗੜ੍ਹ, ਬੀਬੀਐਮਬੀ ਆਦਿ ਦੇ ਮੁੱਦੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਦੇ ‘ਤੋਹਫੇ’ ਹਨ। ਹੁਣ ਇਹ ਲੋਕ ਉਕਤ ਮੁੱਦਿਆਂ 'ਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੰਗ ਨੇ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਐਸਵਾਈਐਲ ਲਈ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ, ਹਰਿਆਣਾ 'ਚ ਉਨ੍ਹਾਂ ਦੇ ਹਮਰੁਤਬਾ ਦੇਵੀ ਲਾਲ ਨੇ ਉਨ੍ਹਾਂ ਦੇ ਕਦਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਦੋਸਤੀ ਦੀ ਬਦੌਲਤ ਹੈ ਕਿ ਬਾਦਲ ਨੇ ਜ਼ਮੀਨ ਅਧਿਗ੍ਰਹਿਣ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ,ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਹਲਫਨਾਮਾ ਦਾਇਰ ਕੀਤਾ ਕਿ ਹਰਿਆਣਾ ਨੂੰ ਜਿੰਨਾ ਵੀ ਪਾਣੀ ਦੇਣਾ ਹੈ ਦੇ ਦਵੋ ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਫੇਰ ਕਾਂਗਰਸ ਦੇ ਮੁੱਖ ਮੰਤਰੀ ਅਤੇ ਹੁਣ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਪੂਰੀ ਪਟਿਆਲਾ ਤੋਂ ਐਸਵਾਈਐਲ ਦਾ ਉਦਘਾਟਨ ਕੀਤਾ। ਕੰਗ ਨੇ ਕਿਹਾ ਕਿ ਇਹ ਸਭ ਰਿਕਾਰਡ 'ਤੇ ਹੈ ਇਸ ਲਈ ਹਰ ਕੋਈ ਜਾਣਦਾ ਹੈ ਕਿ ਇਸ ਮੁੱਦੇ ਲਈ ਕੌਣ ਜ਼ਿੰਮੇਵਾਰ ਹੈ ਅਤੇ ਕਿਸ ਨੇ ਪੰਜਾਬ ਦੇ ਹੱਕਾਂ ਦੀ ਕੀਮਤ 'ਤੇ ਇਸ ਦਾ ਸਿਆਸੀ ਲਾਹਾ ਲਿਆ।