Patiala News : ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਘੁਟਾਲੇ ਸਬੰਧੀ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ। ਪੁਲਿਸ ਵੱਲੋਂ ਸੋਮਵਾਰ ਨੂੰ ਇੱਕ ਹੋਰ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਹੁਣ ਤੱਕ 10 ਗ੍ਰਿਫਤਾਰੀਆਂ ਹੋ ਗਈਆਂ ਹਨ। ਇਨ੍ਹਾਂ ਵਿੱਚ ਪੰਜ 'ਨਾਇਬ ਤਹਿਸੀਲਦਾਰਾਂ’ ਦੀ ਗ੍ਰਿਫ਼ਤਾਰੀ ਹੋਈ ਹੈ।


ਹਾਸਲ ਜਾਣਕਾਰੀ ਮੁਤਾਬਕ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਬੰਧੀ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਕੀਤੀ ਗਈ ਡੂੰਘੀ ਛਾਣਬੀਣ ਦੌਰਾਨ ਬੇਪਰਦ ਕੀਤੇ ਗਏ ਨਕਲ ਘੁਟਾਲੇ ਦੌਰਾਨ ਪੁਲਿਸ ਵੱਲੋਂ ਸੋਮਵਾਰ ਨੂੰ ਦਸਵੀਂ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਨੌਂ ਜਣਿਆਂ ਵਿੱਚੋਂ ਪੰਜ ਤਾਂ ਨਕਲ ਕਰਵਾਉਣ ਵਾਲੇ ਗਰੋਹ ਦੇ ਹੀ ਮੈਂਬਰ ਹਨ। ਜਦਕਿ ਚਾਰ ਜਣੇ ਉਹ ਹਨ, ਜੋ ਇਮਤਿਹਾਨ ਪਾਸ ਕਰਕੇ ਨਾਇਬ ਤਹਿਸੀਲਦਾਰ ਵਜੋਂ ਸਿਲੈਕਟ ਹੋ ਚੁੱਕੇ ਹਨ। 


ਇਸ ਤਰ੍ਹਾਂ ਸੋਮਵਾਰ ਨੂੰ ਇਹ ਪੰਜਵੇਂ ‘ਨਾਇਬ ਤਹਿਸੀਲਦਾਰ’ ਦੀ ਗ੍ਰਿਫ਼ਤਾਰੀ ਹੋਈ ਹੈ। ਉਂਜ ਨਾਇਬ ਤਹਿਸੀਲਦਾਰ ਵਜੋਂ ਗ੍ਰਿਫ਼ਤਾਰ ਕੀਤੀ ਗਈ ਇਹ ਪਹਿਲੀ ਮਹਿਲਾ ਹੈ ਜਿਸ ਦੀ ਪਛਾਣ ਪੁਲਿਸ ਨੇ ਪਾਤੜਾਂ ਵਾਸੀ ਸੁਨੀਤਾ ਵਜੋਂ ਦੱਸੀ ਹੈ। ਉਸ ਦਾ ਪੰਜਵਾਂ ਰੈਂਕ ਹੈ। ਭਾਵ ਇਮਤਿਹਾਨ ਪਾਸ ਕਰਕੇ ਉਹ ਪੰਜਵੇਂ ਰੈਂਕ ’ਤੇ ਆਈ ਤੇ ਨਾਇਬ ਤਹਿਸੀਲਦਾਰ ਵਜੋਂ ਸਿਲੈਕਟ ਹੋਈ ਹੈ। ਐਸਐਸਪੀ ਵਰੁਣ ਸ਼ਰਮਾ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।


ਜ਼ਿਕਰਯੋਗ ਹੈ ਕਿ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ 22 ਮਈ ਨੂੰ ਹੋਏ ਇਮਤਿਹਾਨ ਦਾ ਨਤੀਜਾ 8 ਸਤਬੰਰ ਨੂੰ ਆਇਆ ਸੀ ਜਿਸ ਤੋਂ ਤੁਰੰਤ ਬਾਅਦ ਗੜਬੜੀ ਦਾ ਰੌਲਾ ਪੈ ਗਿਆ ਸੀ। ਫੇਰ ਆਈਜੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠਾਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਇਹ ਆਧੁਨਿਕ ਤਕਨੀਕ ਨਾਲ ਨਕਲ ਕਰਵਾਉਣ ਦਾ ਮਾਮਲਾ ਪਾਇਆ ਗਿਆ। 


ਆਈਜੀ ਤੇ ਐਸਐਸਪੀ ਵਰੁਣ ਸ਼ਰਮਾ ਨੇ ਖੁਲਾਸਾ ਕੀਤਾ ਸੀ ਕਿ ਉਕਤ ਗਰੋਹ ਨੇ ਨਕਲ ਕਰਵਾ ਕੇ ਪਾਸ ਕਰਵਾਉਣ ਲਈ ਕਈਆਂ ਨਾਲ ਵੀਹ ਤੋਂ ਬਾਈ ਲੱਖ ਰੁਪਏ ਪ੍ਰਤੀ ਉਮੀਦਵਾਰ ਸੌਦੇਬਾਜ਼ੀ ਕੀਤੀ ਸੀ ਜਿਸ ਦੌਰਾਨ ਗਰੋਹ ਵੱਲੋਂ ਉਮੀਦਵਾਰ ਬਣ ਕੇ ਪ੍ਰੀਖਿਆ ਕੇਂਦਰਾਂ ’ਚ ਭੇਜੇ ਗਏ ਆਪਣੇ ਬੰਦਿਆਂ ਤੋਂ ਵਾਇਰਲੈੱਸ ਕੈਮਰੇ ਜ਼ਰੀਏ ਪ੍ਰ੍ਰਸ਼ਨ ਪੱਤਰ ਦੀ ਫੋਟੋ ਮੰਗਵਾ ਕੇ ਫੇਰ ਜੀਐਸਐਮ ਨਾਂ ਦੀ ਬਹੁਤ ਛੋਟੇ ਆਕਾਰ ਦੀ ਮੋਬਾਈਲ ਡਿਵਾਈਸ ਰਾਹੀਂ ਆਪਣੇ ਗਾਹਕ ਉਮੀਦਵਾਰਾਂ ਨੂੰ ਸਾਰੇ ਪ੍ਰਸ਼ਨਾਂ ਦੇ ਜਵਾਬ ਬੋਲ ਬੋਲ ਕੇ ਕਰਵਾਏ। ਉਮੀਦਵਾਰਾਂ ਵੱਲੋਂ ਕੇਂਦਰ ਦੇ ਅੰਦਰ ਬਲੂਟੁੱਥ ਈਅਰ ਬਡ ਦੀ ਵਰਤੋਂ ਕੀਤੀ ਗਈ।


ਇਸ ਘੁਟਾਲੇ ਦੀ ਜਾਂਚ ਲਈ ਡੀਜੀਪੀ ਵੱਲੋਂ ਇੱਕ ਸਿੱਟ ਬਣਾਈ ਹੋਈ ਹੈ ਜਿਸ ’ਚ ਐਸਪੀ ਡੀ ਹਰਬੀਰ ਅਟਵਾਲ, ਘਨੌਰ ਦੇ ਡੀਐਸਪੀ ਰਘਬੀਰ ਸਿੰਘ ਤੇ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਇੰਸਪੈਕਟਰ ਸ਼ਾਮਲ ਹਨ। ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਇਸ ਦੀ ਨਿਗਰਾਨੀ ਕਰ ਰਹੇ ਹਨ।