Patiala News : ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਸ਼ਰਾਬ ਦੇ ਰੇਟ ਘਟਾਉਣ ਮਗਰੋਂ ਮੰਨਿਆ ਜਾ ਰਿਹਾ ਸੀ ਕਿ ਹੁਣ ਸ਼ਰਾਬ ਦੀ ਤਸਕਰੀ ਘਟੇਗੀ ਪਰ ਅਜੇ ਵੀ ਚੰਡੀਗੜ੍ਹ ਮਾਰਕਾ ਸ਼ਰਾਬ ਦੀ ਸਮਗਰਿੰਗ ਹੋ ਰਹੀ ਹੈ। ਐਕਸਾਈਜ਼ ਵਿਭਾਗ ਦੀ ਟੀਮ ਨੇ ਕੈਂਟਰ ਵਿੱਚ ਬਣੇ ਗੁਪਤ ਖਾਨੇ (ਕੈਬਿਨ) ਵਿੱਚੋਂ 190 ਪੇਟੀਆਂ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕੀਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਐਕਸਾਈਜ਼ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰਕੇ ਪਿੰਡ ਪਸਿਆਣਾ ਬਾਈਪਾਸ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਕੈਂਟਰ ਵਿੱਚ ਬਣੇ ਗੁਪਤ ਖਾਨੇ (ਕੈਬਿਨ) ਵਿੱਚੋਂ 190 ਪੇਟੀਆਂ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕਰਕੇ ਕੈਂਟਰ ਡਰਾਈਵਰ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਏਆਈਜੀ ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਸੀ ਕਿ ਇੱਕ ਕੈਂਟਰ ਵਿੱਚ ਚੰਡੀਗੜ੍ਹ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਲੱਦ ਕੇ ਸਮਾਣਾ ਵੱਲ ਤਸਕਰੀ ਕਰਕੇ ਲਿਆਂਦੀ ਜਾ ਰਹੀ ਹੈ। ਮੁਖਬਰੀ ਦੇ ਆਧਾਰ ਉੱਤੇ ਉਨ੍ਹਾਂ ਨੇ ਆਪਣੀ ਟੀਮ ਨਾਲ ਪਿੰਡ ਪਸਿਆਣਾ ਬਾਈਪਾਸ ਕੋਲ ਨਾਕਾਬੰਦੀ ਕਰਕੇ ਇਸ ਕੈਂਟਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਹ ਖਾਲੀ ਸੀ।
ਜਦੋਂ ਡਰਾਈਵਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਟਰੱਕ ਵਿੱਚ ਬਣੇ ਇੱਕ ਗੁਪਤ ਖਾਨੇ ਵਿੱਚ ਸ਼ਰਾਬ ਦੀਆਂ ਪੇਟੀਆਂ ਹੋਣ ਬਾਰੇ ਦੱਸਿਆ। ਜਦੋਂ ਉਨ੍ਹਾਂ ਨੇ ਟੀਮ ਨਾਲ ਟਰੱਕ ਵਿੱਚ ਬਣਿਆ ਗੁਪਤ ਤਹਿਖਾਨਾ ਖੋਲ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 190 ਪੇਟੀਆਂ ਬਲਿਊ ਸਟਰੋਕ ਵਿਸਕੀ ਚੰਡੀਗੜ੍ਹ ਮਾਰਕਾ ਦੀਆਂ ਬਰਾਮਦ ਹੋਈਆਂ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਚੰਡੀਗੜ੍ਹ ਤੋਂ ਸਸਤੇ ਭਾਅ ’ਤੇ ਸ਼ਰਾਬ ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣ ਦੇ ਆਦੀ ਹਨ।
ਉਨ੍ਹਾਂ ਨੇ ਕੈਂਟਰ ਡਰਾਈਵਰ ਸਰਵਨ ਸਿੰਘ ਉਰਫ ਤਰਸੇਮ ਸਿੰਘ ਵਾਸੀ ਪਿੰਡ ਭਰਾੜੀਵਾਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਠੇਕੇਦਾਰ ਪਰੀਕਸ਼ਿਤ ਸ਼ਰਮਾ ਖ਼ਿਲਾਫ਼ ਅੰਡਰ ਸੈਕਸ਼ਨ 61,78(2)/1/14 ਅਕਸਾਈਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਠੇਕੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅਗੇ ਦੱਸਿਆ ਕਿ ਮੁਲਜ਼ਮ ਦਾ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।