Patiala news: ਕਣਕ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਇਹ ਰਿਪੋਰਟ ਮਿਲਦਿਆਂ ਹੀ ਖੇਤੀਬਾੜੀ ਮਹਿਕਮਾ ਚੌਕਸ ਹੋ ਗਿਆ ਹੈ। ਖੇਤੀਬਾੜੀ ਮਹਿਕਮੇ ਨੇ ਜਿੱਥੇ ਕਿਸਾਨਾਂ ਨੂੰ ਕੀਟਨਾਸ਼ਕ ਦੇ ਛਿੜਕਾਅ ਦੀ ਸਲਾਹ ਦਿੱਤੀ ਹੈ, ਉੱਥੇ ਹੀ ਨਰੀਖਣ ਲਈ ਟੀਮਾਂ ਦੀ ਗਠਨ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਤੇ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਪੱਧਰ ਉੱਪਰ ਛੇ ਟੀਮਾਂ ਦਾ ਗਠਨ ਕੀਤਾ ਗਿਆ ਹੈ। 


ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਬਲਾਕ ਰਾਜਪੁਰਾ ਤੇ ਬਲਾਕ ਪਟਿਆਲਾ ਅਧੀਨ ਪੈਂਦੇ ਪਿੰਡ ਉੜਦਣ, ਰਾਏਪੁਰ ਮੰਡਲਾਂ, ਮੁਰਾਦਪੁਰ ਵਿਖੇ ਅਗੇਤੀ ਕਣਕ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਕੁਝ ਰਕਬੇ ਵਿੱਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਤੇ ਖੇਤੀਬਾੜੀ ਵਿਕਾਸ ਅਫ਼ਸਰ (ਪੌਦਾ ਸੁਰੱਖਿਆ) ਵੱਲੋਂ ਵੱਖ-ਵੱਖ ਪਿੰਡਾਂ ਦਾ ਸਰਵੇ ਕੀਤਾ ਜਾਵੇਗਾ ਤੇ ਕਣਕ ਉੱਪਰ ਸੁੰਡੀ ਦੇ ਹਮਲੇ ਤੇ ਗੁੱਲੀ ਡੰਡੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।


ਇਸ ਲਈ ਕਿਸਾਨ ਰੀਜੈਂਟ/ਮੌਰਟਲ 7 ਕਿੱਲੋ ਜਾਂ 1 ਲੀਟਰ ਡਰਸਵਾਨ 20 ਈਸੀ 20 ਕਿੱਲੋ ਮਿੱਟੀ ਵਿਚ ਮਿਲਾ ਕੇ ਪਹਿਲੇ ਪਾਣੀ ਤੋਂ ਪਹਿਲਾਂ ਛਿੱਟਾ ਦੇ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਕੋਰਾਜਨ 18.5 ਐਸਸੀ 50 ਮਿ: ਲਿ: ਨੂੰ 80-100 ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਵੀ ਕਰ ਸਕਦੇ ਹਨ। ਗੁੱਲੀ ਡੰਡੇ ਤੇ ਜੰਗਲੀ ਜੀਵ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨ ਟੌਪਿਕ 15 ਡਬਲਿਊ ਪੀ 160 ਗ੍ਰਾਮ ਜਾਂ ਲੀਡਰ 75 ਡਬਲਿਊ ਜੀ 13 ਗ੍ਰਾਮ ਜਾਂ ਐਕਸੀਐਲ 5 ਈਸੀ 400 ਮਿ.ਲਿ: ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ।


ਉਨ੍ਹਾਂ ਕਿਹਾ ਕਿ ਜੇਕਰ ਗੁੱਲੀ ਡੰਡੇ ਦੇ ਨਾਲ ਜੰਗਲੀ ਜਵੀ ਤੇ ਬੂੰਈਆਂ ਦੀ ਵੀ ਸਮੱਸਿਆਵਾਂ ਹੋਵੇ ਤਾਂ ਐਟਲਾਂਟਿਸ 3.6 ਡਬਲਿਊ ਜੀ 160 ਗ੍ਰਾਮ ਜਾਂ ਏਸੀਐਮ-9 240 ਗ੍ਰਾਮ ਜਾਂ ਸ਼ਗੁਨ 21-11 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ। ਜੇਕਰ ਖੇਤ ਵਿਚ ਘਾਹ ਵਾਲੇ ਨਦੀਨਾਂ ਦੇ ਨਾਲ ਨਾਲ ਚੌੜੇ ਪੱਤੇ ਵਾਲੇ ਨਦੀਨ ਹੋਣ ਤਾਂ ਟੋਟਲ/ਮਾਰਕਪਾਵਰ 75 ਡਬਲਿਊ ਜੀ 16 ਗ੍ਰਾਮ ਜਾਂ ਐਟਲਾਂਟਿਸ 3.6 ਡਬਲਿਊ ਜੀ ਜਾਂ ਏ.ਸੀ.ਐਮ-9 ਜਾਂ ਸ਼ਗੁਨ 21-11 ਦਾ ਸਪਰੇਅ ਕਰਨ।