Patiala News: ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਭਗਵੰਤ ਮਾਨ ਸਰਕਾਰ ਲਈ ਵੱਡੀ ਪ੍ਰੇਸ਼ਾਨੀ ਬਣ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਜੇ 48 ਘੰਟਿਆਂ ਦੇ ਅੰਦਰ ਝੋਨੇ ਦੀ ਚੁਕਾਈ ਨਹੀਂ ਹੁੰਦੀ ਤਾਂ ਕਾਂਗਰਸ ਪਾਰਟੀ ਸੂਬੇ ਭਰ ਦੀਆਂ ਮੰਡੀਆਂ ਵਿੱਚ ਰੋਸ ਪ੍ਰਦਰਸ਼ਨ ਕਰੇਗੀ ਤੇ ਖਰੀਦ ਵਿੱਚ ਤੇਜ਼ੀ ਆਉਣ ਤੱਕ ਪਿੱਛੇ ਨਹੀਂ ਹਟੇਗੀ।
ਉਨ੍ਹਾਂ ਨੇ ਬੁੱਧਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਰੋਹਟੀ ਤੇ ਨਾਭਾ ਅਨਾਜ ਮੰਡੀ ਸਣੇ ਪਟਿਆਲਾ ਜ਼ਿਲ੍ਹੇ ਦੀਆਂ ਪਿੰਡਾਂ ਦੀਆਂ ਮੰਡੀਆਂ ਦਾ ਵਿਆਪਕ ਦੌਰਾ ਕੀਤਾ। ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਤੋਂ ਰਾਜਾ ਵੜਿੰਗ ਨੂੰ ਜਾਣੂ ਕਰਵਾਇਆ। ਰਾਜਾ ਵੜਿੰਗ ਨੇ ਕਿਹਾ ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੋਧ ਵਿੱਚ ਚੌਲ ਮਿੱਲ ਮਾਲਕਾਂ ਵੱਲੋਂ ਲਗਾਤਾਰ ਹੜਤਾਲ ਦੇ ਨਤੀਜੇ ਵਜੋਂ ਰਾਜ ਭਰ ਵਿੱਚ ਲਗਪਗ 66 ਫ਼ੀਸਦੀ ਝੋਨਾ ਬਿਨਾ ਲਿਫਟਿੰਗ ਤੋਂ ਰਹਿ ਗਿਆ। 15 ਅਕਤੂਬਰ ਤੱਕ ਮਹਿਜ਼ 7.83 ਲੱਖ ਟਨ ਝੋਨੇ ਦੀ ਲਿਫਟਿੰਗ ਹੋਈ ਹੈ।
ਰਾਜਾ ਵੜਿੰਗ ਨੇ ਕਿਹਾ ਮੌਜੂਦਾ ਹਾਲਾਤ ਨੇ ਕਿਸਾਨਾਂ ਤੋਂ ਲੈ ਕੇ ਇਸ ਕੰਮ ਵਿੱਚ ਜੁੜੀਆਂ ਸਾਰੀਆਂ ਧਿਰਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ। ਸਰਕਾਰ ਦੇ ਨਾਲ-ਨਾਲ ਪੂਰਾ ਸੂਬਾ ਇਸ ਚੱਕਰ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਖ਼ਤਮ ਨਹੀਂ ਹੁੰਦਾ, ਉਦੋਂ ਤੱਕ ਸੂਬਾ ਸਰਕਾਰ ਉਪਜ ਦੀ ਖਰੀਦ ਤੇ ਸਰਕਾਰੀ ਗੋਦਾਮਾਂ ਵਿੱਚ ਸਟੋਰ ਕਰਨ ਲਈ ਪਹਿਲ ਕਿਉਂ ਨਹੀਂ ਕਰਦੀ। ਇਸ ਦੌਰਾਨ ਸੂਬਾਈ ਕਾਂਗਰਸ ਪ੍ਰਧਾਨ ਨੇ ਸੂਬਾ ਸਰਕਾਰ ਨੂੰ ਅਲਟੀਮੇਟਮ ਜਾਰੀ ਕਰਦਿਆਂ ਝੋਨੇ ਦੀ ਲਿਫਟਿੰਗ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ 48 ਘੰਟੇ ਵਿੱਚ ਝੋਨਾ ਨਾ ਚੁੱਕਿਆ ਗਿਆ ਤਾਂ ਕਾਂਗਰਸ ਸੰਘਰਸ਼ ਦੇ ਰਾਹ ਪਵੇਗੀ।