Patiala News: ਜੇਲ੍ਹ ਵਿੱਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਪੁੱਜਿਆ। ਇਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਬਲਵੰਤ ਸਿੰਘ ਰਾਜੋਆਣਾ ਨਾਲ 2 ਘੰਟੇ ਤੱਕ ਗੱਲਬਾਤ ਹੋਈ।
ਭੁੱਖ ਹੜਤਾਲ ਨਾ ਕਰਨ ਦੀ ਕੀਤੀ ਅਪੀਲ
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਪੀਲ ਕੀਤੀ ਹੈ ਕਿ ਉਹ ਭੁੱਖ ਹੜਤਾਲ ਨਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਐਸਜੀਪੀਸੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ।
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦਿੱਤਾ ਪੱਤਰ
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 17 ਸਾਲਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਸਾਡੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੇ ਸਾਨੂੰ ਪੱਤਰ ਦੇ ਕੇ ਕੁਝ ਸੁਝਾਅ ਵੀ ਦਿੱਤੇ ਹਨ। ਇਸ ਨੂੰ ਲੈ ਕੇ ਉਹ ਕਮੇਟੀ ਨਾਲ ਚਰਚਾ ਕਰਨਗੇ।
5 ਦਸੰਬਰ ਤੋਂ ਮਰਨ ਵਰਤ ਉੱਤੇ ਬੈਠਣਗੇ ਬਲਵੰਤ ਸਿੰਘ ਰਾਜੋਆਣਾ
ਉਧਰ ਦੂਜੇ ਪਾਸੇ ਇਸ ਮੀਟਿੰਗ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਟੀਸ਼ਨ ’ਤੇ ਜਲਦੀ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਦਾ ਭਰਾ ਰਾਜੋਆਣਾ 5 ਦਸੰਬਰ ਨੂੰ ਮਰਨ ਵਰਤ ’ਤੇ ਬੈਠ ਜਾਵੇਗਾ।
ਦੱਸ ਦਈਏ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਸਬੰਧੀ ਰਾਜੋਆਣਾ ਨੂੰ 2007 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਸਬੰਧੀ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਫਾਂਸੀ ਦੇਣ ਲਈ 30 ਮਾਰਚ 2012 ਦਾ ਦਿਨ ਮੁਕੱਰਰ ਕੀਤਾ ਗਿਆ ਸੀ ਪਰ ਰਾਜੋਆਣਾ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਖੁਦ ਕੋਈ ਵੀ ਕਾਨੂੰਨੀ ਚਾਰਾਜੋਈ ਕਰਨ ਤੋਂ ਇਨਕਾਰੀ ਰਹੇ। ਇਸ ਕਾਰਨ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਗਈ, ਜਿਸ ਸਬੰਧੀ ਹੀ ਫਾਂਸੀ ਤੋਂ ਦੋ ਦਿਨ ਪਹਿਲਾਂ ਰਾਸ਼ਟਰਪਤੀ ਵੱਲੋਂ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਗਈ ਸੀ। ਰਾਜੋਆਣਾ ਦਾ ਕਹਿਣਾ ਹੈ ਕਿ 12 ਸਾਲਾਂ ਤੋਂ ਉਸ ਦੀ ਇਸ ਪਟੀਸ਼ਨ ‘ਤੇ ਕੋਈ ਵੀ ਫੈਸਲਾ ਨਹੀਂ ਹੋਇਆ। ਉਹ ਤਿਲ ਤਿਲ ਕਰਕੇ ਮਰਨ ਦੀ ਬਜਾਏ ਫਾਂਸੀ ਦੇ ਫੰਦੇ ’ਤੇ ਚੜ੍ਹਨ ਲਈ ਤਿਆਰ ਹਨ।