Cable Mafia: ਕੇਬਲ ਮਾਫ਼ੀਆ ਵਿਵਾਦ 'ਤੇ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਟੱਕਰ, ਬਾਦਲ ਨੂੰ ਦਿੱਤਾ ਜਵਾਬ
Sukhbir Badal vs AAP Ministers: ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕੇਬਲ ਮਾਫ਼ੀਆ ਅਕਾਲੀ ਸਰਕਾਰ ਸਮੇਂ ਪੈਦਾ ਹੋਇਆ ਤੇ ਪਿਛਲੇ 15 ਸਾਲਾਂ 'ਚ ਇਨ੍ਹਾਂ ਨੇ ਕੋਈ ਹੋਰ ਕੰਪਨੀ ਪੰਜਾਬ ਅੰਦਰ ਨਹੀਂ ਆਉਣ ਦਿੱਤੀ ਪਰੰਤੂ
Cable Mafia: ਕੇਬਲ ਮਾਫ਼ੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਹਮੋ ਸਾਹਮਣੇ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਆਪ' ਵਿਧਾਇਕਾਂ 'ਤੇ ਕੀਤੇ ਦਾਅਵੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਵੀ ਜਵਾਬੀ ਹਮਲਾ ਕੀਤਾ ਹੈ। ਦਰਅਸਲ ਬੀਤੇ ਦਿਨੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਆਪ ਦੇ ਵਿਧਾਇਕ ਪੁਲਿਸ ਦੀ ਦੁਰਵਰਤੋ ਕਰਕੇ ਕੇਬਲ, ਮਾਇਨਿੰਗ ਸਮੇਤ ਹੋਰਾਂ ਕਾਰੋਬਾਰਾਂ 'ਤੇ ਕਬਜ਼ਾ ਕਰ ਰਹੇ ਹਨ।
ਇਸ ਦੇ ਜਵਾਬ 'ਚ ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਇਕਾਂ ਲਈ ਵਰਤੀ ਸ਼ਬਦਾਵਲੀ ਦਾ ਗੰਭੀਰ ਨੋਟਿਸ ਲਿਆ ਹੈ।
ਕੈਬਨਿਟ ਮੰਤਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕੇਬਲ ਮਾਫ਼ੀਆ ਅਕਾਲੀ ਸਰਕਾਰ ਸਮੇਂ ਪੈਦਾ ਹੋਇਆ ਤੇ ਪਿਛਲੇ 15 ਸਾਲਾਂ 'ਚ ਇਨ੍ਹਾਂ ਨੇ ਕੋਈ ਹੋਰ ਕੰਪਨੀ ਪੰਜਾਬ ਅੰਦਰ ਨਹੀਂ ਆਉਣ ਦਿੱਤੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੀ ਨੀਤੀ ਬਣਾ ਕੇ ਸੂਬੇ ਅੰਦਰ ਵੱਡੀਆਂ ਕੰਪਨੀਆਂ ਦੇ ਨਿਵੇਸ਼ ਲਈ ਰਸਤੇ ਖੋਲ੍ਹੇ ਅਤੇ ਹੁਣ ਵੱਡੀਆਂ ਕੰਪਨੀਆਂ ਕੇਬਲ ਦੇ ਖੇਤਰ ਵਿਚ ਵੀ ਪੰਜਾਬ ਆ ਰਹੀਆਂ ਹਨ।
ਜੌੜਾਮਾਜਰਾ ਨੇ ਕਿਹਾ ਕਿ ਜੇਕਰ ਕੋਈ ਕੰਪਨੀ ਸਸਤੇ ਰੇਟ 'ਤੇ ਕੇਬਲ ਸਹੂਲਤ ਦੇ ਰਹੀ ਹੈ ਅਤੇ ਆਪ੍ਰੇਟਰ ਉਸ ਨਾਲ ਜੁੜ ਰਹੇ ਹਨ ਤਾਂ ਇਸ ਵਿਚ ਪੰਜਾਬ ਸਰਕਾਰ, ਕੋਈ ਵਿਧਾਇਕ ਤੇ ਪੁਲਿਸ ਦੀ ਕੋਈ ਭੂਮਿਕਾ ਨਹੀਂ ਹੈ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਦੇ ਹੋਏ ਆਪਣੇ ਰਾਜ ਵਿਚ ਕਰਵਾਈ ਗੁੰਡਾਗਰਦੀ ਨੂੰ ਯਾਦ ਕਰਨਾ ਚਾਹੀਦਾ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਆਪਣੇ ਰਾਜ ਵਿਚ ਗੁੰਡਾਗਰਦੀ ਕਰਦੇ ਰਹਿਣ ਵਾਲੇ ਲੋਕ ਹੀ ਹੁਣ ਧੱਕੇਸ਼ਾਹੀ ਦੇ ਝੂਠੇ ਦੋਸ਼ ਲਗਾ ਰਹੇ ਹਨ, ਪਰੰਤੂ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਸੂਬੇ ਵਿਚ ਕੇਬਲ ਮਾਫ਼ੀਆ ਕਿਹੜੇ ਲੋਕਾਂ ਨੇ ਪੈਦਾ ਕੀਤਾ ਸੀ।
ਹਰਭਜਨ ਸਿੰਘ ਈਟੀਓ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੂਬੇ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਸੀ ਜਦਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਚਲਾਇਆ ਕਮਿਸ਼ਨ ਦਾ ਸੱਭਿਆਚਾਰ ਬੰਦ ਕਰ ਦਿੱਤਾ ਹੈ।