Patiala News: ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਦੀ ਯੋਗਸ਼ਾਲਾ’ ’ਤੇ ਆਧਾਰਤ ਉਲੀਕੇ ਗਏ ਰਾਜ ਵਿਆਪੀ ਪ੍ਰੋਗਰਾਮ ਦਾ ਆਗਾਜ਼ 5 ਅਪਰੈਲ ਨੂੰ ਪਟਿਆਲਾ ਤੋਂ ਕੀਤਾ ਜਾ ਰਿਹਾ ਹੈ। ਪੰਜਾਬ ਵਾਸੀਆਂ ਦੀ ਸਿਹਤ ਤੰਦਰੁਸਤੀ ਲਈ ਪਟਿਆਲਾ ਦੇ ਪੋਲੋ ਗਰਾਊਂਡ ਸਥਿਤ ਜਿਮਨੇਜ਼ੀਅਮ ਹਾਲ ’ਚ ਵਰਵਾਏ ਜਾ ਰਹੇ ਸਮਾਗਮ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਸੂਬਾ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ।


ਇਸ ਬਾਰੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਉਚੇਚੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਲੀਕੇ ਗਏ ਇਸ ਸਮਾਗਮ ਦਾ ਮੁੱਖ ਉਦੇਸ਼ ਸਿਹਤਮੰਦ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੀ ਵੱਧ ਤੋਂ ਵੱਧ ਭਾਈਵਾਲੀ ਰਾਹੀਂ ਜਨਤਕ ਮੁਹਿੰਮ ਨੂੰ ਯਕੀਨੀ ਬਣਾਉਣਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਦਵਾਈਆਂ ਨਾਲ ਤਾਂ ਬਿਮਾਰੀ ਠੀਕ ਹੁੰਦੀ ਹੈ, ਪਰ ਯੋਗ ਸਰੀਰਕ ਤੰਦਰੁਸਤੀ ਸਮੇਤ ਮਾਨਸਿਕ ਸਿਹਤ ਨੂੰ ਵੀ ਠੀਕ ਰੱਖਣ ਲਈ ਸਹਾਈ ਸਿੱਧ ਹੁੰਦਾ ਹੈ।


ਉਨ੍ਹਾਂ ਕਿਹਾ ਕਿ ਅਜੋਕ ਸਮੇਂ ਵਿੱਚ ਜਿਵੇਂ ਗੁਰਦੇ ਅਤੇ ਗੋਡਿਆਂ ਸਮੇਤ ਹੋਰ ਅੰਗ ਬਦਲਣ ਦੀ ਵਧੇਰੇ ਲੋੜ ਪੈਂਦੀ ਹੈ, ਪਰ ਯੋਗ ਨੂੰ ਅਪਣਾਉਣ ਨਾਲ ਅਜਿਹਾ ਰੁਝਾਨ ਘਟਾਇਆ ਜਾ ਸਕਦਾ ਹੈ ਤੇ ਇਹ ਇੱਕ ਅਜਿਹੀ ਵਿਧੀ ਹੈ, ਜਿਸ ਰਾਹੀਂ ਨਸ਼ੇ ਦੀ ਬੁਰੀ ਆਦਤ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 5 ਅਪਰੈਲ ਨੂੰ ਇੱਥੇ ਹੋਣ ਵਾਲੇ ਸੂਬਾਈ ਆਗਾਜ਼ ਮਗਰੋਂ ਇਸ ਪ੍ਰਕਿਰਿਆ ਨੂੰ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


ਦੱਸ ਦਈਏ ਕਿ ਪੰਜਾਬ ਦਾ ਸਿਹਤ ਵਿਭਾਗ ਇਸ ਯੋਗਸ਼ਾਲਾ ਦੀ ਨੋਡਲ ਏਜੰਸੀ ਹੋਣ ਕਰਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੀ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਹ ਪ੍ਰੋਗਰਾਮ ਡਾ. ਬਲਬੀਰ ਦੀ ਅਪੀਲ ’ਤੇ ਹੀ ਪਟਿਆਲਾ ’ਚ ਰੱਖਿਆ ਗਿਆ ਹੈ। ਇਹ ਸਮਾਗਮ ਕਿਉਂਕਿ ਪਟਿਆਲਾ ਸ਼ਹਿਰੀ ਹਲਕੇ ਦੇ ਖੇਤਰ ’ਚ ਹੋ ਰਿਹਾ ਹੈ, ਜਿਸ ਕਰਕੇ ਹਲਕਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ।


ਇਹ ਵੀ ਪੜ੍ਹੋ: Essential Medicines Price: ਮਰੀਜ਼ਾਂ ਲਈ ਵੱਡੀ ਰਾਹਤ, ਦੇਸ਼ 'ਚ 651 ਜ਼ਰੂਰੀ ਦਵਾਈਆਂ ਦੇ ਰੇਟ ਘਟੇ


ਇਸ ਮੌਕੇ ‘ਆਪ’ ਦੇ ਦੋਵੇਂ ਮੁੱਖ ਮੰਤਰੀਆਂ ਸਮੇਤ ਰਾਜ ਸਭਾ ਮੈਂਬਰ ਰਾਘਵ ਚੱਢਾ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਸਮੇਤ ਹੋਰ ਵਿਧਾਇਕ ਤੇ ਆਗੂ ਸ਼ਿਰਕਤ ਕਰਨਗੇ। ਇਸ ਸਬੰਧੀ ਜਿੱਥੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਵਿਧਾਇਕ ਅਜੀਤਪਾਲ ਕੋਹਲੀ ਸਮੇਤ ਹੋਰ ਵੀ ਮੀਟਿੰਗਾਂ ਕਰ ਰਹੇ ਹਨ, ਉਥੇ ਹੀ ਏਸੀਐਸ ਅਨੁਰਾਗ ਅਗਰਵਾਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸਐਸਪੀ ਵਰੁਣ ਸ਼ਰਮਾ ਸਮੇਤ ਹੋਰ ਅਧਿਕਾਰੀਆਂ ਵੱਲੋਂ ਵੀ ਤਿਆਰੀਆਂ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਐਸਐਸਪੀ ਵਰੁਣ ਸ਼ਰਮਾ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਵੱਖਰੀ ਮੀਟਿੰਗ ਵੀ ਕੀਤੀ ਹੈ।


ਇਹ ਵੀ ਪੜ੍ਹੋ: Corona in Chandigarh: ਕੋਰੋਨਾ ਦਾ ਫਿਰ ਚੜ੍ਹਨ ਲੱਗਾ ਗ੍ਰਾਫ, ਨਵੀਆਂ ਗਾਈਡਲਾਈਨਜ਼ ਜਾਰੀ, ਮਾਸਕ ਤੇ ਸੈਨੇਟਾਈਜ਼ਰ ਲਾਜ਼ਮੀ