Patiala News: ਕਾਂਗਰਸ ਨੇ ਗੋਡੇ ਟੇਕ ਕੇ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅੱਗੇ ਕਰ ਦਿੱਤਾ ਆਤਮ ਸਮਰਪਣ
ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਹੁਣ ਸਿਰਫ਼ ਭਾਜਪਾ 'ਤੇ ਆ ਗਿਆ ਹੈ ਕਿਉਂਕਿ ਕਾਂਗਰਸ ਨੇ ਆਪਣੇ ਗੋਡੇ ਟੇਕ ਕੇ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਪਰ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਦੀ ਪੂਰੀ ਅਸਫਲਤਾ ਲਈ ਜਵਾਬਦੇਹ ਠਹਿਰਾਵਾਂਗੇ।"
Patiala News: ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਉੱਤਰੀ ਭਾਰਤ ਵਿੱਚ ਬੇਮਿਸਾਲ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਭਾਜਪਾ ਪੰਜਾਬ ਦੇ ਪ੍ਰਧਾਨ ਨੇ ਹੋਰ ਸੂਬਾਈ ਆਗੂਆਂ ਨਾਲ ਪਟਿਆਲਾ ਦੇ ਪਿੰਡਾਂ ਬੋਲੜਹ, ਬੁਲਾਰਹੀਆਂ ਅਤੇ ਰਾਠੀਆਂ ਦਾ ਦੌਰਾ ਕੀਤਾ।
ਸੁਨੀਲ ਜਾਖੜ ਨੇ ਕਿਹਾ, "ਭਾਜਪਾ ਪੰਜਾਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਟਿਆਲਾ ਲੋਕ ਸਭਾ ਲਈ ਮੇਰੀ ਪਹਿਲੀ ਫੇਰੀ ਹੈ ਅਤੇ ਅਸੀਂ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੁਖਾਂਤ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਦੀ ਹਾਲਤ ਦੇਖ ਕੇ ਮਨ ਨੂੰ ਬਹੁਤ ਦੁੱਖ ਹੋਇਆ ਹੈ।"
ਜਾਖੜ ਨੇ ਅੱਗੇ ਕਿਹਾ, "ਪੰਜਾਬ ਸਰਕਾਰ ਸੂਬੇ ਵਿੱਚ ਭਾਰੀ ਬਰਸਾਤ ਦੀਆਂ ਅਗਾਊਂ ਚੇਤਾਵਨੀਆਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਹੁਣ ਤੱਕ ਕਿਸੇ ਵੀ ਪਿੰਡ ਵਿੱਚ ਗਿਰਦਾਵਰੀ ਨਹੀਂ ਕੀਤੀ ਗਈ, ਜੇਕਰ ਸਮੇਂ ਸਿਰ ਸਰਵੇਖਣ ਨਹੀਂ ਕੀਤਾ ਗਿਆ ਤਾਂ ਸਰਕਾਰ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਕਿਵੇਂ ਦੇਵੇਗੀ।"
ਕਾਂਗਰਸ ਬਾਰੇ ਗੱਲ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ, "ਵਿਰੋਧੀ ਧਿਰ ਦਾ ਕੰਮ ਹੁਣ ਸਿਰਫ਼ ਭਾਜਪਾ 'ਤੇ ਆ ਗਿਆ ਹੈ ਕਿਉਂਕਿ ਕਾਂਗਰਸ ਨੇ ਆਪਣੇ ਗੋਡੇ ਟੇਕ ਕੇ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਪਰ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਦੀ ਪੂਰੀ ਅਸਫਲਤਾ ਲਈ ਜਵਾਬਦੇਹ ਠਹਿਰਾਵਾਂਗੇ।"
ਪੰਜਾਬ ਲਈ ਵਿਸ਼ੇਸ਼ ਪੈਕੇਜ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ, "ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਰੇ ਨਿਰਧਾਰਿਤ ਨਿਯਮਾਂ ਤੋਂ ਉਪਰ ਉਠਕੇ ਪੰਜਾਬ ਲਈ ਪਹਿਲਾਂ ਹੀ 218 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੇਂਦਰ ਤੋਂ ਕੋਈ ਵਿਸ਼ੇਸ਼ ਮਦਦ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਤੌਰ 'ਤੇ ਇਸ ਦੀ ਸੰਭਾਲ ਕਰਨ ਦੇ ਸਮਰੱਥ ਹੈ।"