Punjab News: ਅਮਨ ਅਰੋੜਾ ਦੀ ਪਾਰਟੀ ਮੈਂਬਰਸ਼ਿਪ ਹੋਵੇਗੀ ਰੱਦ ? ਜ਼ਮਾਨਤ ਲੈਣ ਸਾਰ ਕਿਹਾ, ਅਦਾਲਤ ਦਾ ਫ਼ੈਸਲੇ ਦਾ ਕਰਦਾ ਹਾਂ ਸੁਆਗਤ
ਅਮਨ ਅਰੋੜਾ ਨੇ ਕਿਹਾ ਕਿ ਉਸ ਦੇ ਜੀਜਾ ਰਜਿੰਦਰ ਦੀਪਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਗਲਤ ਹਨ, ਉਸ ਦਿਨ ਸਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਸੀ, ਸਗੋਂ ਮੇਰੇ ਜੀਜੇ ਵੱਲੋਂ ਹੀ ਹਮਲਾ ਕੀਤਾ ਗਿਆ ਸੀ,
Sangrur News: 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਇਸ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਅਮਨ ਅਰੋੜਾ ਨੇ ਸੁਨਾਮ ਦੀ ਅਦਾਲਤ 'ਚੋਂ ਬਾਹਰ ਆਉਂਦੇ ਹੀ ਮੀਡੀਆ ਨਾਲ ਗੱਲਬਾਤ ਕੀਤੀ। ਅਮਨ ਅਰੋੜਾ ਨੇ ਕਿਹਾ ਕਿ ਅਦਾਲਤ ਨੇ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਉਸ ਦੇ ਨਾਲ-ਨਾਲ ਉਸ ਦੀ 85 ਸਾਲਾ ਮਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ, ਮੈਂ ਇਸ ਦਾ ਸਵਾਗਤ ਕਰਦਾ ਹਾਂ, ਪਰ ਇਸ ਦੀ ਅਪੀਲ ਜ਼ਿਲ੍ਹਾ ਅਦਾਲਤ ਵਿੱਚ ਕਰਾਂਗਾ।
ਅਮਨ ਅਰੋੜਾ ਨੇ ਕਿਹਾ ਕਿ ਉਸ ਦੇ ਜੀਜਾ ਰਜਿੰਦਰ ਦੀਪਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਗਲਤ ਹਨ, ਉਸ ਦਿਨ ਸਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਸੀ, ਸਗੋਂ ਮੇਰੇ ਜੀਜੇ ਵੱਲੋਂ ਹੀ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਮੈਂ ਵੀ ਜ਼ਖ਼ਮੀ ਹੋ ਗਿਆ ਸੀ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਅਮਨ ਅਰੋੜਾ ਨੇ ਕਿਹਾ ਕਿ ਮੇਰੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਜਾਂ ਨਾ ਇਹ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਫੈਸਲਾ ਹੈ, ਕਾਨੂੰਨ ਅਨੁਸਾਰ ਜੋ ਵੀ ਕਰਨਾ ਹੋਵੇਗਾ, ਉਹ ਕਾਨੂੰਨੀ ਫੈਸਲਾ ਹੋਵੇਗਾ।
ਉਨ੍ਹਾਂ ਆਪਣੇ ਜੀਜਾ ਰਾਜਿੰਦਰ ਦੀਪਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਜਿੰਦਰ ਦੀਪਾ ਨੇ ਸਿਰਫ ਰਾਜਨੀਤੀ ਕਰਕੇ ਹੀ ਇੰਨਾ ਵੱਡਾ ਹੰਗਾਮਾ ਮਚਾਇਆ ਸੀ, ਉਦੋਂ ਸਾਡਾ ਸਮਝੌਤਾ ਹੋਇਆ ਸੀ, ਪਰ ਜਦੋਂ ਮੈਨੂੰ ਕਾਂਗਰਸ ਪਾਰਟੀ ਤੋਂ ਟਿਕਟ ਮਿਲੀ ਤਾਂ ਉਹ ਗੁੱਸੇ 'ਚ ਆ ਗਿਆ ਅਤੇ ਫਿਰ ਤੋਂ ਤੋੜ-ਭੰਨ ਕੀਤੀ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਵੀ ਸਜ਼ਾ ਭੁਗਤਣ ਵਾਲਿਆਂ ਵਿੱਚ ਸ਼ਾਮਲ ਹਨ। ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੰਤਰੀ ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪਾ ਨੇ ਕਰੀਬ ਪੰਦਰਾਂ ਸਾਲ ਪਹਿਲਾਂ 2008 ਵਿੱਚ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਦੀਪਾ ਨੇ ਦੋਸ਼ ਲਾਇਆ ਸੀ ਕਿ ਅਮਨ ਅਰੋੜਾ ਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਹਮਲਾ ਕੀਤਾ ਸੀ। ਉਸ ਸਮੇਂ ਅਮਨ ਅਰੋੜਾ ਅਤੇ ਰਜਿੰਦਰ ਦੀਪਾ ਦੋਵੇਂ ਕਾਂਗਰਸ ਵਿੱਚ ਸਨ।