Sangrur News: ਸੰਗਰੂਰ 'ਚ ਪੀਆਰਟੀਸੀ ਤੇ ਪਨਬੱਸ ਵਿੱਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੇ ਅੱਜ ਸੰਗਰੂਰ ਡਿੱਪੂ ਨੂੰ ਦੋ ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੱਸ ਸਟੈਂਡ ਦੇ ਅੰਦਰੋਂ ਲਾਊਡਸਪੀਕਰ ਰਾਹੀਂ ਸਵਾਰੀਆਂ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 20 ਸਤੰਬਰ ਤੋਂ ਹੜਤਾਲ ਸ਼ੁਰੂ ਹੋਏਗੀ।


ਪੰਜਾਬ 'ਚ ਕੈਪਟਨ ਸਰਕਾਰ ਦੇ ਸਮੇਂ ਤੋਂ ਹੀ ਪੰਜਾਬ ਰੋਡਵੇਜ਼ ਤੇ ਪਨਬੱਸ 'ਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ। ਅੱਜ ਉਨ੍ਹਾਂ ਨੇ ਸੰਗਰੂਰ ਬੱਸ ਸਟੈਂਡ 'ਚ ਦੋ ਘੰਟੇ ਤੱਕ ਪ੍ਰਦਰਸ਼ਨ ਕੀਤਾ। ਇੱਥੇ ਉਨ੍ਹਾਂ ਨੇ ਬੱਸ ਸਟੈਂਡ ਦੇ ਅੰਦਰ ਲਾਊਡ ਸਪੀਕਰ ਲਗਾ ਕੇ ਨਾਅਰੇਬਾਜ਼ੀ ਕੀਤੀ ਤੇ ਆਉਣ-ਜਾਣ ਵਾਲੇ ਤੇ ਬੱਸਾਂ ਵਿੱਚ ਬੈਠੇ ਯਾਤਰੀਆਂ ਨੂੰ ਆਪਣੀ ਦਰਦ ਭਰੀ ਕਹਾਣੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਉਨ੍ਹਾਂ ਨਾਲ ਕਿਵੇਂ ਵਿਸ਼ਵਾਸ਼ਘਾਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਸੰਗਰੂਰ ਦੇ ਚੌਕ ਵਿੱਚ ਜਾ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।



ਪ੍ਰਦਰਸ਼ਨ ਕਰ ਰਹੇ ਠੇਕਾ ਅਧਾਰ ਮੁਲਾਜ਼ਮਾਂ ਨੇ ਕਿਹਾ ਕਿ ਸਾਡੀਆਂ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਫੈਸਲਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਦੋ ਵਾਰ ਸਾਡੀ ਮੀਟਿੰਗ ਰੱਦ ਹੋ ਚੁੱਕੀ ਹੈ। ਅੱਜ 14 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੀਟਿੰਗ ਹੋਣੀ ਸੀ ਜੋ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਸਾਨੂੰ 29 ਸਤੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਪਰ ਵਾਰ-ਵਾਰ ਮੀਟਿੰਗਾਂ ਰੱਦ ਹੋਣ ਕਾਰਨ ਅਸੀਂ ਪ੍ਰੇਸ਼ਾਨ ਹਾਂ।


ਉਨ੍ਹਾਂ ਕਿਹਾ ਕਿ ਹੁਣ ਅਸੀਂ 20 ਸਤੰਬਰ ਤੋਂ ਹੜਤਾਲ 'ਤੇ ਜਾਵਾਂਗੇ। ਇਹ ਮੌਕੇ 'ਤੇ ਫੈਸਲਾ ਲਿਆ ਜਾਏਗਾ ਕਿ ਇਹ ਹੜਤਾਲ ਇੱਕ ਦਿਨ ਲਈ ਹੋਵੇਗੀ ਜਾਂ 29 ਸਤੰਬਰ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਬਾਕੀ ਮੁਲਾਜ਼ਮਾਂ ਵਾਂਗ ਤਨਖ਼ਾਹ ਦਿੱਤੀ ਜਾਵੇ ਤੇ ਪੰਜਾਬ ਸਰਕਾਰ 10,000 ਨਵੀਆਂ ਬੱਸਾਂ ਪਾਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।