(Source: ECI/ABP News/ABP Majha)
Punjab News: ਖ਼ਜ਼ਾਨਾ ਮੰਤਰੀ ਦੇ ਹਲਕੇ 'ਚ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ, ਜਾਣੋ ਮੰਤਰੀ ਦੇ ਇਲਾਕੇ ਦੇ ਲੋਕਾਂ ਦੀ ਤਰਾਸਦੀ
ਸਰਕਾਰ ਤੋਂ ਨਾਰਾਜ਼ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਬਿਮਾਰ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਹੋਵੇਗੀ
Sangrur News: ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੰਗਰੂਰ ਦੇ ਦਿੜ੍ਹਬਾ ਦੀਆਂ ਹਨ, ਜਿੱਥੇ ਸੀਵਰੇਜ਼ ਦੇ ਗੰਦੇ ਪਾਣੀ ਦੇ ਵਿੱਚ ਦੀ ਲੋਕਾਂ ਨੂੰ ਲੰਘਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹਲਕਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਪਣਾ ਹਲਕਾ ਹੈ ਜਿੱਥੋਂ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ । ਪਿੰਡ ਦੀ ਮੇਨ ਫਿਰਨੀ ਜੋ ਕਿ ਝੀਲ ਦਾ ਰੂਪ ਧਾਰਨ ਕਰ ਗਈ ਹੈ ਪਰ ਝੀਲ ਕਿਨਾਰੇ ਤਾਂ ਫਿਰ ਵੀ ਲੋਕ ਆਨੰਦ ਮਾਣਦੇ ਹਨ ਪਰ ਇਹ ਲੋਕ ਤਾਂ ਨਰਕ ਭਰੀ ਜ਼ਿਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ।
ਜਿੱਥੇ ਮੁਹੱਲਾ ਵਾਸੀਆਂ ਨੇ ਮੀਡੀਆ ਦੇ ਸਾਹਮਣੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉੱਥੇ ਹੀ ਉਨ੍ਹਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਵੀ ਜਮ ਕੇ ਭੜਾਸ ਕੱਢੀ। ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਇੱਕ ਮਹੀਨੇ ਦੇ ਕਰੀਬ ਇਸ ਸੀਵਰੇਜ ਦੇ ਗੰਦੇ ਪਾਣੀ ਨੂੰ ਖੜੇ ਹੋਇਆ ਹੋ ਗਿਆ ਹੈ ਪਰ ਇਸ ਦੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਤਾਂ ਸਕੂਲੀ ਬੱਚੇ ਇਸ ਗੰਦੇ ਪਾਣੀ ਵਿੱਚ ਤਿਲਕ ਕੇ ਡਿੱਗ ਜਾਂਦੇ ਹਨ ਤੇ ਉਨ੍ਹਾਂ ਦੀ ਸਕੂਲੀ ਦੀ ਵਰਦੀ ਵੀ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਈ ਬਜ਼ੁਰਗ ਇਸ ਗੰਦੇ ਪਾਣੀ ਵਿੱਚ ਡਿੱਗਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
ਜਿਸ ਤੋਂ ਬਾਅਦ ਮਹੱਲਾ ਵਾਸੀਆਂ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿੜ੍ਹਬਾ ਵਿੱਚ ਬਣੇ ਦਫਤਰ ਵਿੱਚ ਜਾ ਕੇ ਸਮੱਸਿਆ ਬਾਰੇ ਜਾਣੂ ਕਰਵਾਇਆ। ਇਸ ਮੌਕੇ ਦਫਤਰ ਦੇ ਵਿੱਚ ਮੌਜੂਦ ਵਿਅਕਤੀਆਂ ਨੇ ਖਜ਼ਾਨਾ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨਾਲ ਮਹਿਲਾਵਾਂ ਦੀ ਫੋਨ ਤੇ ਗੱਲ ਕਰਵਾਈ ਜਿੱਥੇ ਖਜ਼ਾਨਾ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਸਖ਼ਤ ਨਿਰਦੇਸ਼ ਦੇ ਕੇ ਐਸਡੀਓ ਗੁਰਪ੍ਰੀਤ ਸਿੰਘ ਦੀ ਡਿਊਟੀ ਲਗਾਈ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇ ਨਹੀਂ ਤਾਂ ਕਿਸੇ ਦੀ ਵੀ ਅਣਗਹਿਲੀ ਹੋਵੇ ਜੋ ਕਿ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ।
ਇਸ ਮੌਕੇ ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਸੀਵਰੇਜ ਬੋਰਡ ਦੇ ਐਸਡੀਓ ਗੁਰਪ੍ਰੀਤ ਨੂੰ ਮੌਕਾ ਦੇਖਣ ਲਈ ਵੀ ਕਿਹਾ ਅਤੇ ਐਸਡੀਓ ਗੁਰਪ੍ਰੀਤ ਮੌਕਾ ਦੇਖਣ ਪਹੁੰਚੇ ਤਾਂ ਉੱਥੇ ਹਾਲਾਤ ਦੇਖ ਐਸਡੀਓ ਗੁਰਪ੍ਰੀਤ ਦੇ ਵੀ ਪਸੀਨੇ ਛੁੱਟਣ ਲੱਗੇ ਤਾਂ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਵੀ ਕੈਦ ਹੋ ਗਈਆਂ। ਜਿਸ ਤੋਂ ਬਾਅਦ ਐਸਡੀਓ ਗੁਰਪ੍ਰੀਤ ਨੇ ਮਹਿਲਾਵਾਂ ਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਹੱਲ ਜਲਦ ਕਰਵਾ ਦਿੱਤਾ ਜਾਵੇਗਾ ਪਰ ਜੋ ਇਸ ਦਾ ਪੱਕਾ ਹੱਲ ਹੈ ਉਸ ਨੂੰ ਕਰਨ ਦੇ ਲਈ ਟਾਈਮ ਲੱਗੇਗਾ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਕਦੋਂ ਨਰਕ ਭਰੀ ਜ਼ਿੰਦਗੀ ਚੋਂ ਨਿਕਲਦੇ ਹਨ।
ਇਸ ਮੌਕੇ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਬਿਮਾਰ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਹੋਵੇਗੀ