(Source: ECI/ABP News)
Sangrur News: ਜਿਸ ਪਿੰਡ 'ਚ CM ਮਾਨ ਨੇ ਬਣਵਾਇਆ ਸੀ '1 ਕਰੋੜ' ਵਾਲਾ ਪੁਲ਼, ਹੁਣ ਸੜਕ ਨੂੰ ਵੀ ਤਰਸ ਰਹੇ ਨੇ ਲੋਕ
Bhagwant Mann: ਇਹ ਉਹ ਪਿੰਡ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਕਰੋੜ ਰੁਪਏ ਦੀ ਲਾਗਤ ਵਾਲਾ ਪੁਲ਼ ਸਿਰਫ਼ 6 ਲੱਖ ਰੁਪਏ ਵਿੱਚ ਬਣਾਇਆ ਸੀ ਅਤੇ ਬਾਅਦ 'ਚ ਪਤਾ ਲੱਗਿਆ ਸੀ ਕਿ ਉਥੇ ਕੋਈ ਪੁਲ ਹੈ ਹੀ ਨਹੀਂ ਹੈ
![Sangrur News: ਜਿਸ ਪਿੰਡ 'ਚ CM ਮਾਨ ਨੇ ਬਣਵਾਇਆ ਸੀ '1 ਕਰੋੜ' ਵਾਲਾ ਪੁਲ਼, ਹੁਣ ਸੜਕ ਨੂੰ ਵੀ ਤਰਸ ਰਹੇ ਨੇ ਲੋਕ bad condition of roads in sangrur people protest Sangrur News: ਜਿਸ ਪਿੰਡ 'ਚ CM ਮਾਨ ਨੇ ਬਣਵਾਇਆ ਸੀ '1 ਕਰੋੜ' ਵਾਲਾ ਪੁਲ਼, ਹੁਣ ਸੜਕ ਨੂੰ ਵੀ ਤਰਸ ਰਹੇ ਨੇ ਲੋਕ](https://feeds.abplive.com/onecms/images/uploaded-images/2023/10/13/f81ac73a905e52d13c0103d8c7ac69321697184554622674_original.jpg?impolicy=abp_cdn&imwidth=1200&height=675)
Sangrur News: ਦਿੜ੍ਹਬਾ ਦੇ ਪਿੰਡ ਬਘਰੋਲ ਵਿੱਚ ਪਿਛਲੇ ਸਾਲਾਂ ਤੋਂ ਟੁੱਟੀ ਸੜਕ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ। ਹੁਣ ਪਿੰਡ ਦੇ ਲੋਕਾਂ ਨੇ ਤੰਗ ਆ ਕੇ ਮੀਡੀਆ ਨੂੰ ਟੁੱਟੀ ਸੜਕ ਦਾ ਨਜ਼ਾਰਾ ਵਿਖਾਇਆ ਪਰ ਉੱਥੇ ਕੋਈ ਵੀ ਸੜਕ ਨਹੀਂ ਦਿਸੀ ਕਿਉਂਕਿ ਸੜਕ ਦੇ ਉੱਪਰ ਸਿਰਫ਼ ਪੱਥਰ ਹੀ ਨਜ਼ਰ ਆ ਰਹੇ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਇਹ ਸੜਕ ਦਿੜ੍ਹਬਾ ਤੋਂ ਸਮਾਣਾ ਪਿੰਡ ਬਘਰੋਲ ਹੋ ਕੇ ਜਾਂਦੀ ਹੈ ਪਰ ਪਿੰਡ ਬਘਰੋਲ ਤੋਂ ਘੰਗਰੋਲੀ ਤੱਕ ਕਰੀਬ ਤਿੰਨ ਕਿਲੋਮੀਟਰ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 2016 ਵਿੱਚ ਇਹ ਸੜਕ ਬਣੀ ਸੀ ਅਤੇ ਉਹ ਵੀ 10 ਫੁੱਟ ਚੌੜੀ ਸੀ ਪਰ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਜਾਂ ਆਗੂ ਨੇ ਇਸ ਸੜਕ ਦੀ ਹਾਲਤ ਦੀ ਸਾਰ ਨਹੀਂ ਲਈ
ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਪੈਦਲ ਲੋਕ ਸੜਕ ਤੋਂ ਲੰਘਦੇ ਹਨ ਤਾਂ ਟੋਇਆਂ ਵਿੱਚ ਪੈਰ ਫਸਣ ਨਾਲ ਜ਼ਖ਼ਮੀ ਹੋ ਜਾਂਦੇ ਹਨ। ਇੱਥੋਂ ਤੱਕ ਕਿ ਲੋਕਾਂ ਦੀ ਮਸ਼ਿਨਰੀ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਪਿੰਡ ਨੌਜਵਾਨ ਸਿਮਰ ਨੇ ਦੱਸਿਆ ਕਿ ਅਸੀਂ ਕਈ ਵਾਰ ਸਬੰਧਤ ਅਧਿਕਾਰੀਆਂ ਅਤੇ ਆਗੂਆਂ ਨੂੰ ਮਿਲ ਚੁੱਕੇ ਹਾਂ ਪਰ ਇਸ ਮਸਲੇ ਦਾ ਹੱਲ ਨਹੀਂ ਹੋਇਆ।
ਦੂਜੇ ਪਾਸੇ ਪਿੰਡ ਦੇ ਸਰਪੰਚ ਹਰਤਾਰ ਸਿੰਘ ਤਾਰੀ ਮਾਨ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੜਕ ਦੀ ਹਾਲਤ ਖਸਤਾ ਹੈ। ਇਸ ਮੌਕੇ ਉਨ੍ਹਾਂ ਨੇ ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ। ਕਿ ਇਸ ਸੜਕ ਨੂੰ 18 ਫੁੱਟ ਦੀ ਨਵੀਂ ਸੜਕ ਬਣਾਈ ਜਾਵੇ ਤਾਂ ਜੋ ਇਸ ਮੌਕੇ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ।
ਲੋਕਾਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਹਲਕੀ ਬਰਸਾਤ ਹੁੰਦੀ ਹੈ ਤਾਂ ਲੋਕ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਪੈਦਲ ਚੱਲਣ ਵਾਲੇ ਕਈ-ਕਈ ਘੰਟੇ ਪਾਣੀ ਵਿੱਚ ਫਸੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ ਜਾਂਦਾ ਹੈ। ਲੋਕਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਇਹ ਉਹ ਪਿੰਡ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਕਰੋੜ ਰੁਪਏ ਦੀ ਲਾਗਤ ਵਾਲਾ ਪੁਲ਼ ਸਿਰਫ਼ 6 ਲੱਖ ਰੁਪਏ ਵਿੱਚ ਬਣਾਇਆ ਸੀ ਅਤੇ ਬਾਅਦ 'ਚ ਪਤਾ ਲੱਗਿਆ ਸੀ ਕਿ ਉਥੇ ਕੋਈ ਪੁਲ ਹੈ ਹੀ ਨਹੀਂ ਹੈ, ਉਸ ਤੋਂ ਬਾਅਦ ਇਹ ਮਾਮਲਾ ਵੀ ਸੁਰਖੀਆਂ 'ਚ ਰਿਹਾ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਲੋਕਾਂ ਦੀ ਇਸ ਮੰਗ ਵੱਲ ਧਿਆਨ ਦੇਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)