Sangrur News: ਸਰਕਾਰ ਦੀ ਸਖਤੀ ਦੇ ਬਾਵਜੂਦ ਬਾਜ਼ਾਰਾਂ ਵਿੱਚ ਮਿਲਾਵਟੀ ਚੀਜ਼ਾਂ ਧੜੱਲੇ ਨਾਲ ਵਿਕ ਰਹੀਆਂ ਹਨ। ਸੰਗਰੂਰ ਜ਼ਿਲ੍ਹੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਗਈ ਕਈ ਸੈਂਪਲ ਫੇਲ੍ਹ ਹੋ ਗਏ। ਸਿਹਤ ਵਿਭਾਗ ਨੇ ਵਿਕਰੇਤਾਵਾਂ ਨੂੰ 5 ਲੱਖ 37 ਹਜ਼ਾਰ ਰੁਪਏ ਜੁਰਮਾਨਾ ਠੋਕਿਆ ਹੈ। ਅਹਿਮ ਗੱਲ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਸੈਂਪਲ ਫੇਲ੍ਹ ਹੋਏ, ਉਨ੍ਹਾਂ ਵਿੱਚ  ਖੁੱਲ੍ਹੀ ਚਟਨੀ, ਮਿਕਸਡ ਮਿਲਕ, ਪਨੀਰ, ਖੁੱਲ੍ਹਾ ਪਨੀਰ, ਗੋਲ ਗੱਪੇ ਦਾ ਪਾਣੀ ਆਦਿ ਵੀ ਸ਼ਾਮਲ ਸਨ।


ਦੱਸ ਦਈਏ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਸਾਲ 24 ਮਾਰਚ ਤੋਂ 23 ਸਤੰਬਰ ਤੱਕ ਵੱਖ-ਵੱਖ ਵਿਕ੍ਰੇਤਾਵਾਂ ਦੁਆਰਾ ਵੇਚੀ ਜਾ ਰਹੀ ਖਾਣ-ਪੀਣ ਵਾਲੀ ਸਮੱਗਰੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਏ ਸੈਂਪਲਾਂ ਸਬੰਧੀ ਲੈਬਾਰਟਰੀ ਦੀ ਰਿਪੋਰਟ ਵਿੱਚ ਇਸ ਸਮੱਗਰੀ ਦੇ ਸਬ-ਸਟੈਂਡਰਡ ਪਾਏ ਜਾਣ ’ਤੇ ਸਬੰਧਤ ਵਿਕਰੇਤਾਵਾਂ ਨੂੰ 5 ਲੱਖ 37 ਹਜ਼ਾਰ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ। 


ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਡੀਸੀ ਆਕਾਸ਼ ਬਾਂਸਲ ਨੇ ਦੱਸਿਆ ਕਿ ਸਬ ਸਟੈਂਡਰਡ ਪਾਈਆਂ ਗਈਆਂ ਇਨ੍ਹਾਂ ਵਸਤਾਂ ਵਿੱਚ ਖੁੱਲ੍ਹੀ ਚਟਨੀ, ਮਿਕਸਡ ਮਿਲਕ, ਪਨੀਰ, ਖੁੱਲ੍ਹਾ ਪਨੀਰ, ਗੋਲ ਗੱਪੇ ਦਾ ਪਾਣੀ, ਵਨੀਲਾ ਆਈਸ ਕਰੀਮ, ਖੋਇਆ, ਮਿਲਕ ਕੇਕ, ਮੱਝ ਦਾ ਦੁੱਧ, ਗੁਲਾਬ ਦਾ ਸ਼ਰਬਤ, ਦੇਸੀ ਘਿਓ ਦੀ ਬਰਫੀ, ਮਿਲਕੀ ਰਸ, ਲਾਲ ਮਿਰਚ ਸੌਸ, ਇਲਾਇਚੀ ਦਾਣਾ ਬਿਸਕੁਟ ਤੇ ਹਲਦੀ ਪਾਊਡਰ ਆਦਿ ਦੇ ਸੈਂਪਲ ਸ਼ਾਮਲ ਹਨ। 


ਇਹ ਵੀ ਪੜ੍ਹੋ: Hemkunt Sahib: 25 ਮਈ ਤੋਂ ਆਰੰਭ ਹੋਏਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਇਸ ਵੇਲੇ 12 ਤੋਂ 15 ਫੁੱਟ ਤੱਕ ਬਰਫ


ਉਨ੍ਹਾਂ ਦੱਸਿਆ ਕਿ ਪੁੱਗੀ ਮਿਆਦ ਵਾਲੇ ਇੱਕ ਮਿਲਕ ਸ਼ੇਕ ਦਾ ਸੈਂਪਲ ਫੇਲ੍ਹ ਪਾਇਆ ਗਿਆ ਜਿਸ ਨੂੰ 8 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲੌਂਗੋਵਾਲ, ਬਡਰੁੱਖਾਂ, ਸੰਗਰੂਰ, ਦਿੜ੍ਹਬਾ, ਸ਼ੇਰਪੁਰ, ਨਮੋਲ, ਸੁਨਾਮ, ਚੰਨੋ, ਘਾਬਦਾਂ ਤੇ ਲਹਿਰਾ ’ਚੋਂ 22 ਸਮੱਗਰੀਆਂ ਦੇ ਸੈਂਪਲ ਫੇਲ੍ਹ ਪਾਏ ਜਾਣ ’ਤੇ 3 ਲੱਖ 83 ਹਜ਼ਾਰ ਦੇ ਜ਼ੁਰਮਾਨੇ ਲਗਾਏ ਗਏ ਹਨ ਜਦਕਿ ਵਨੀਲਾ ਆਈਸ ਕਰੀਮ ਦਾ ਸੈਂਪਲ ਫੇਲ੍ਹ ਪਾਏ ਜਾਣ ’ਤੇ ਸੰਗਰੂਰ ਦੇ ਇੱਕ ਵਿਕਰੇਤਾ ਨੂੰ 80 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਲੌਂਗੋਵਾਲ, ਸੁਨਾਮ ਤੇ ਸੰਗਰੂਰ ਦੀਆਂ ਚਾਰ ਫਰਮਾਂ ਦੇ ਮਿਲਕੀ ਰਸ, ਲਾਲ ਮਿਰਚ ਸੌਸ, ਇਲਾਇਚੀ ਦਾਣਾ ਬਿਸਕੁਟ ਤੇ ਹਲਦੀ ਪਾਊਡਰ ਦੇ ਸੈਂਪਲ ਫੇਲ੍ਹ ਪਾਏ ਗਏ ਜਿਸ ਲਈ 66 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ। ਹਾਸਲ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਗੈਰਮਿਆਰੀ ਖਾਧ ਪਦਾਰਥ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Ludhiana News: ਬੀਜੇਪੀ ਉਮੀਦਵਾਰਾਂ ਦੇ ਨਾਲ ਹੀ ਪਾਰਟੀ ਲੀਡਰਾਂ ਦੀ ਵੀ ਪਿੰਡਾਂ 'ਚ ਐਂਟਰੀ ਬੈਨ, ਸੰਯੁਕਤ ਕਿਸਾਨ ਮੋਰਚਾ ਦਾ ਐਲਾਨ