Punjab News: ਬਰਨਾਲਾ 'ਚ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਹ ਬੱਸ ਖਨੌਰੀ ਸਰਹੱਦ ਉੱਤੇ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ ਜਿਸ ਦੌਰਾਨ ਇਸ ਦੀ ਟਰੱਕ ਨਾਲ ਟੱਕਰ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਉੱਤੇ ਜੇਲ੍ਹ ਦੇ ਨੇੜੇ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਬਠਿੰਡਾ ਵਿੱਚ ਵੀ ਹੋਇਆ ਹਾਦਸਾ
ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੀ ਇੱਕ ਹੋਰ ਬੱਸ ਹੋਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਬਠਿੰਡਾ ਤਲਵੰਡੀ ਸਾਬੋ ਸੜਕ ਉੱਤੇ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸੰਘਣ ਧੁੰਦ ਹੋਣ ਕਰਕੇ ਵਾਪਰਿਆ ਹੈ। ਕਿਹਾ ਜਾ ਰਿਹਾ ਹੈ ਕਿ ਧੁੰਦ ਜ਼ਿਆਦਾ ਹੋਣ ਕਰਕੇ ਸੜਕ ਵਿਚਾਲੇ ਦਾ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਰਫਤਾਰ ਤੇਜ਼ ਹੋਣ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ। ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ 20 ਤੋਂ 25 ਕਿਸਾਨ ਬੱਸ ਵਿੱਚ ਮੌਜੂਦ ਸਨ। ਖੈਰੀਅਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਲਾਂਕਿ ਦੋ ਤੋਂ ਤਿੰਨ ਕਿਸਾਨ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਖਨੌਰੀ ਬਾਰਡਰ ਉੱਤੇ ਕਿਸਾਨਾਂ ਦੀ ਮਹਾਪੰਚਾਇਤ
ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ 'ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਦੂਜੇ ਪਾਸੇ ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਜੀਂਦ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਹੈ। ਬੀਐਨਐਸ ਦੀ ਧਾਰਾ 163 (ਆਈਪੀਸੀ ਦੀ ਪਹਿਲਾਂ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ।
ਸਰਹੱਦ 'ਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇੱਥੇ 21 ਡੀ.ਐਸ.ਪੀਜ਼ ਵੀ ਡਿਊਟੀ 'ਤੇ ਹੋਣਗੇ। ਹਰਿਆਣਾ ਪੁਲਿਸ ਨੇ ਨਰਵਾਣਾ ਤੋਂ ਗੜ੍ਹੀ ਅਤੇ ਪੰਜਾਬ ਨੂੰ ਜਾਣ ਵਾਲੀ ਸੜਕ ਵੀ ਬੰਦ ਕਰ ਦਿੱਤੀ ਹੈ। ਮਹਾਪੰਚਾਇਤ ਤੋਂ ਬਾਅਦ ਦਿੱਲੀ ਜਾਣ ਦੀ ਕੋਸ਼ਿਸ਼ 'ਤੇ ਵੀ ਪੁਲਿਸ ਨਜ਼ਰ ਰੱਖ ਰਹੀ ਹੈ।